ਓਬਾਮਾ ਤੇ ਸੂਨਕ ਦੀ ਮੁਲਾਕਾਤ ਦੀ ਚਰਚਾ
ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸੀ ਸੂਨਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਹੋਈ ਗੈਰ-ਰਸਮੀ ਮੁਲਾਕਾਤ ਵਿੱਚ ‘ਮਸਨੂਈ ਬੌਧਿਕਤਾ (ਏਆਈ)’ ਸਮੇਤ ਹੋਰ ਕਈ ਵਿਸ਼ਿਆਂ ’ਤੇ ਗੱਲਬਾਤ ਕੀਤੀ। ਇਹ ਦੋਵਾਂ ਆਗੂਆਂ ਵਿਚਾਲੇ ਪਹਿਲੀ ਮੁਲਾਕਾਤ ਮੰਨੀ ਜਾ ਰਹੀ ਹੈ। ਓਬਾਮਾ ਨੂੰ ਸੋਮਵਾਰ ਨੂੰ 10 ਡਾਊਨਿੰਗ ਸਟ੍ਰੀਟ ’ਤੇ ਸੈਰ ਕਰਦੇ ਦੇਖਿਆ ਗਿਆ। ਇਸ ਬਾਰੇ ਇੱਕ ਅਧਿਕਾਰੀ ਨੇ ਕਿਹਾ, ‘‘ਓਬਾਮਾ ਫਾਊਂਡੇਸ਼ਨ ਨਾਲ ਸਾਬਕਾ ਰਾਸ਼ਟਰਪਤੀ ਦੀ ਲੰਡਨ ਫੇਰੀ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨੇ ਅੱਜ ਦੁਪਹਿਰ ਉਨ੍ਹਾਂ ਦਾ ਸਵਾਗਤ ਕੀਤਾ।’’ ਤਰਜਮਾਨ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਕੌਮਾਂਤਰੀ ਮਾਮਲਿਆਂ ਅਤੇ ਮਸਨੂਈ ਬੌਧਿਕਤਾ ਸਮੇਤ ਹੋਰ ਕਈ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਸੂਨਕ ਦੇ ਤਰਜਮਾਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਾਬਕਾ ਰਾਸਟਰਪਤੀ ਓਬਾਮਾ ਦੀ ਟੀਮ ਨੇ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਹੋਵੇਗਾ ਅਤੇ ਸਪੱਸਟ ਤੌਰ ’ਤੇ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਅਤੇ ਓਬਾਮਾ ਫਾਊਂਡੇਸਨ ਦੇ ਕੰਮ ਬਾਰੇ ਵਿਚਾਰ-ਚਰਚਾ ਕਰਕੇ ਬਹੁਤ ਖੁਸ਼ ਸਨ।