55 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਤੂਫਾਨੀ ਹਵਾਵਾਂ, ਭਾਰੀ ਬਾਰਿਸ਼ ਦੇ ਨਾਲ 25 ਰਾਜਾਂ ਲਈ IMD ਅਲਰਟ
ਸਰਦੀਆਂ ਦੇ ਇਸ ਮੌਸਮ ‘ਚ ਦੇਸ਼ ਭਰ ‘ਚ ਮੌਸਮ ਨੇ ਵੱਖ-ਵੱਖ ਰੂਪ ਦਿਖਾਏ ਹਨ। ਕਿਤੇ ਭਾਰੀ ਮੀਂਹ ਪੈ ਰਿਹਾ ਹੈ ਤਾਂ ਕਿਤੇ ਸੀਤ ਲਹਿਰਾਂ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਜਾਰੀ ਹੈ, ਜਦਕਿ ਦਿੱਲੀ ਸਮੇਤ ਹੋਰ ਮੈਦਾਨੀ ਇਲਾਕਿਆਂ ‘ਚ ਪ੍ਰਦੂਸ਼ਣ ਅਤੇ ਧੁੰਦ ਨੇ ਠੰਡ ਨੂੰ ਵਧਾ ਦਿੱਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 22 ਦਸੰਬਰ ਤੱਕ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਦਾ ਅਲਰਟ ਜਾਰੀ ਕੀਤਾ ਹੈ। ਆਓ ਜਾਣਦੇ ਹਾਂ ਕਿ ਅਗਲੇ ਪੰਜ ਦਿਨਾਂ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਕਿਵੇਂ ਰਹੇਗਾ।ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਦੀ ਸੰਭਾਵਨਾ
16 ਦਸੰਬਰ ਨੂੰ ਦੱਖਣੀ ਬੰਗਾਲ ਦੀ ਖਾੜੀ ਦੇ ਕੇਂਦਰੀ ਹਿੱਸਿਆਂ ‘ਚ ਬਣੇ ਘੱਟ ਦਬਾਅ ਵਾਲੇ ਸਿਸਟਮ ਕਾਰਨ ਤਾਮਿਲਨਾਡੂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ 17 ਅਤੇ 18 ਦਸੰਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 17 ਤੋਂ 20 ਦਸੰਬਰ ਦੇ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਕੇਰਲ ਅਤੇ ਪੁਡੂਚੇਰੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਉੱਤਰੀ ਭਾਰਤ ਵਿੱਚ ਠੰਢ ਅਤੇ ਧੁੰਦ ਦਾ ਪ੍ਰਭਾਵ
ਉੱਤਰੀ ਭਾਰਤ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਸੀਤ ਲਹਿਰ ਦਾ ਅਲਰਟ ਜਾਰੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ।