ਮਾਸਕੋ ਨੇੜੇ ਕਾਰ ਬੰਬ ਧਮਾਕੇ ’ਚ ਚੋਟੀ ਦਾ ਰੂਸੀ ਜਰਨੈਲ ਹਲਾਕ
ਮਾਸਕੋ : ਮਾਸਕੋ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਰੂਸੀ ਜਨਰਲ ਦੀ ਮੌਤ ਹੋੋਣ ਦੀ ਸੂਚਨਾ ਮਿਲੀ ਹੈ। ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਜਾ ਰਿਹਾ ਹੈ। ਵੇਸਤੀ ਐਫਐਮ ਰੇਡੀਓ ਨੇ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ, ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਦੇ ਫਟਣ ਨਾਲ ਹੋਈ ਹੈ।
ਜਾਂਚ ਕਮੇਟੀ ਨੇ ਕਿਹਾ, “ਘਟਨਾ ਸਥਾਨ ‘ਤੇ ਡਿਵਾਈਸ ਦੇ ਟੁਕੜੇ ਮਿਲੇ ਹਨ ਅਤੇ ਉਹ ਜਾਂਚ ਲਈ ਭੇਜ ਦਿੱਤੇ ਗਏ ਹਨ।”59 ਸਾਲਾ ਮੋਸਕਾਲਿਕ ਨੇ ਵੱਖ-ਵੱਖ ਗੱਲਬਾਤਾਂ ਵਿੱਚ ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ।
ਇਸਦੀ ਤੁਰੰਤ ਪੁਸ਼ਟੀ ਨਹੀਂ ਹੋਈ ਕਿ ਕੀ ਉਨ੍ਹਾਂ ਦੀ ਹੱਤਿਆ ਸ਼ੁੱਕਰਵਾਰ ਨੂੰ ਬਾਅਦ ਵਿੱਚ ਕ੍ਰੈਮਲਿਨ ਨਾਲ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਦੀ ਯੂਕਰੇਨ ਮੁੱਦੇ ਉਤੇ ਹੋਣ ਵਾਲੀ ਗੱਲਬਾਤ ਨਾਲ ਜੁੜੀ ਹੋਈ ਸੀ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਜਨਰਲ ਦੀ ਹੱਤਿਆ ਨੂੰ “ਅੱਤਵਾਦੀ ਕਾਰਵਾਈ”ਕਰਾਰ ਦਿੱਤਾ ਹੈ।
ਜ਼ਖਾਰੋਵਾ ਦੇ ਹਵਾਲੇ ਨਾਲ “ਮੁੱਖ ਸਵਾਲ ਇਹ ਹੈ ਕਿ ਯੂਰਪ ਦੇ ਕੇਂਦਰ, ਦੁਨੀਆ ਵਿੱਚ ਜੰਗ ਨੂੰ ਕਿਵੇਂ ਰੋਕਿਆ ਜਾਵੇ। ਅਸੀਂ ਹਰ ਰੋਜ਼ ਇੰਨੇ ਸਾਰੇ ਪੀੜਤ ਦੇਖਦੇ ਹਾਂ। ਅੱਜ ਵੀ, ਮਾਸਕੋ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਇੱਕ ਰੂਸੀ ਸੈਨਿਕ ਮਾਰਿਆ ਗਿਆ ਸੀ।”
ਯੂਕਰੇਨ ਖ਼ਿਲਾਫ਼ ਮੁਹਿੰਮ ਵਿੱਚ ਸ਼ਾਮਲ ਕਈ ਰੂਸੀ ਫੌਜੀ ਅਧਿਕਾਰੀਆਂ ਨੂੰ ਯੂਕਰੇਨੀ ਖੁਫੀਆ ਏਜੰਸੀ “S2””ਦੇ ਕਥਿਤ ਏਜੰਟਾਂ ਵੱਲੋਂ ਜੰਗ ਦੇ ਮੈਦਾਨ ਤੋਂ ਸੈਂਕੜੇ ਕਿਲੋਮੀਟਰ ਦੂਰ ਉਨ੍ਹਾਂ ਦੇ ਘਰਾਂ ਦੇ ਨੇੜੇ ਮਾਰ ਦਿੱਤਾ ਗਿਆ ਹੈ।
