ਅਟਾਰੀ ਸਰਹੱਦ ਆਵਾਜਾਈ ਵਾਸਤੇ ਮੁਕੰਮਲ ਬੰਦ

ਅਟਾਰੀ ਸਰਹੱਦ ਆਵਾਜਾਈ ਵਾਸਤੇ ਮੁਕੰਮਲ ਬੰਦ

0
128

ਅਟਾਰੀ ਸਰਹੱਦ ਆਵਾਜਾਈ ਵਾਸਤੇ ਮੁਕੰਮਲ ਬੰਦ

300 ਤੋਂ ਵੱਧ ਲੋਕ ਆਪਣੇ ਮੁਲਕਾਂ ਵਿੱਚ ਵਾਪਸ ਪਰਤੇ

ਅੰਮ੍ਰਿਤਸਰ : ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ 1 ਮਈ ਨੂੰ ਅਟਾਰੀ ਸਰਹੱਦ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣ ਤੋਂ ਪਹਿਲਾਂ ਆਖਰੀ ਦਿਨ ਲਗਪਗ 300 ਤੋਂ ਵੱਧ ਵਿਅਕਤੀ ਦੋਵਾਂ ਦੇਸ਼ਾਂ ਤੋਂ ਆਪੋ ਆਪਣੇ ਮੁਲਕਾਂ ਵਿੱਚ ਵਾਪਸ ਪਰਤੇ ਹਨ। ਦੇਸ਼ ਵਾਪਸੀ ਕਰਨ ਵਾਲਿਆਂ ਵਿੱਚ ਜੰਮੂ ਕਸ਼ਮੀਰ ਸੂਬੇ ਤੋਂ ਕਈ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੂੰ ਉਥੋਂ ਦੇ ਪ੍ਰਸ਼ਾਸਨ ਵੱਲੋਂ ਜਬਰੀ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਕੁਝ ਮਾਵਾਂ ਅਜਿਹੀਆਂ ਸਨ, ਜਿਨ੍ਹਾਂ ਦੀ ਨਾਗਰਿਕਤਾ ਤਾਂ ਪਾਕਿਸਤਾਨੀ ਹੈ, ਪਰ ਉਹ ਵਿਆਹੀਆਂ ਭਾਰਤ ਵਿੱਚ ਹੋਈਆਂ ਹਨ। ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਭਾਰਤ ਵਿੱਚ ਹਨ। ਉਨ੍ਹਾਂ ਨੂੰ ਵਾਪਸ ਭੇਜਣ ਸਮੇਂ ਪਰਿਵਾਰ ਰੋ ਕੁਰਲਾ ਰਹੇ ਸਨ। ਜੰਮੂ ਕਸ਼ਮੀਰ ਤੋਂ ਅਜਿਹੇ ਕਈ ਲੋਕਾਂ ਨੂੰ ਬੀਤੇ ਕੱਲ੍ਹ ਅਤੇ ਅੱਜ ਦੋ ਦਿਨ ਤੋਂ ਇੱਥੇ ਲਿਆਂਦਾ ਗਿਆ ਹੈ ਜਿਨ੍ਹਾਂ ਦੀ ਨਾਗਰਿਕਤਾ ਪਾਕਿਸਤਾਨੀ ਹੈ ਅਤੇ ਉਹ ਇਧਰ ਭਾਰਤੀ ਕਸ਼ਮੀਰ ਵਿੱਚ ਰਹਿ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਜ ਵਾਪਸ ਪਰਤਣ ਵਾਲਿਆਂ ਵਿੱਚ ਪਾਕਿਸਤਾਨੀ ਦੂਤਾਵਾਸ ਦੇ ਕਰਮਚਾਰੀ ਵੀ ਸ਼ਾਮਲ ਸਨ। ਬੀਤੇ ਕੱਲ੍ਹ ਵੀ ਪਾਕਿਸਤਾਨੀ ਦੂਤਾਵਾਸ ਕਰਮਚਾਰੀ ਆਪਣੇ ਮੁਲਕ ਪਰਤੇ ਹਨ। ਭਾਰਤ ਸਰਕਾਰ ਵੱਲੋਂ ਪਹਿਲਗਾਮ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਟਾਰੀ ਸਰਹੱਦ ਨੂੰ ਭਲਕੇ 1 ਮਈ ਤੋਂ ਆਵਾਜਾਈ ਵਾਸਤੇ ਮੁਕੰਮਲ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਪਾਰ ਮਾਰਗ ਵੀ ਬੰਦ ਕਰ ਦਿੱਤਾ ਗਿਆ ਹੈ। ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਮੌਕੇ ਵੀ ਰੋਸ ਵਜੋਂ ਗੇਟ ਬੰਦ ਰੱਖੇ ਜਾਂਦੇ ਹਨ ਅਤੇ ਪਰੇਡ ਕਮਾਂਡਰਾਂ ਵੱਲੋਂ ਹੱਥ ਵੀ ਨਹੀਂ ਮਿਲਾਏ ਜਾ ਰਹੇ। ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਬਹੁਤ ਘੱਟ ਚੁੱਕੀ ਹੈ। ਇਸ ਦੌਰਾਨ ਸਰਹੱਦੀ ਇਲਾਕੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਨਜ਼ਰ ਆਏ ਹਨ। ਪੁਲੀਸ ਵੱਲੋਂ ਨਾਕਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਹੱਦ ’ਤੇ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਵੀ ਵਧੇਰੇ ਨਜ਼ਰ ਆਈਆਂ ਹਨ।

LEAVE A REPLY

Please enter your comment!
Please enter your name here