ਯੋਗ ਗੁਰੂ ਰਾਮਦੇਵ ਨੂੰ ਅਦਾਲਤ ਦੇ ਹੱਤਕ ਇੱਜ਼ਤ ਮਾਮਲੇ ਵਿਚ ਤਲਬ ਕਰੇਗਾ ਬੈਂਚ
ਨਵੀਂ ਦਿੱਲੀ : ‘ਹਮਦਰਦ’ ਦੀ ਰੂਹ ਅਫਜ਼ਾ ਵਿਰੁੱਧ “ਸ਼ਰਬਤ ਜਿਹਾਦ” ਵਰਗੀਆਂ ਵਿਵਾਦਮਈ ਟਿੱਪਣੀਆਂ ਲਈ ਰਾਮਦੇਵ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਿੱਲੀ ਹਾਈ ਕੋਰਟ ਨੇ ਯੋਗ ਅਭਿਆਸੀ ਰਾਮਦੇਵ ਦੀਆਂ ਉਨ੍ਹਾਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਲਈ ਅਦਾਲਤੀ ਮਾਣਹਾਨੀ ਦੇ ਮਾਮਲੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਹਮਦਰਦ ਦੇ ਉਤਪਾਦਾਂ ‘ਤੇ ਭਵਿੱਖ ਵਿੱਚ ਕੋਈ ਬਿਆਨ ਜਾਰੀ ਨਾ ਕਰਨ ਜਾਂ ਵੀਡੀਓ ਸਾਂਝਾ ਨਾ ਕਰਨ ਦਾ ਹੁਕਮ ਦਿੱਤਾ ਸੀ। ਬੈਂਚ ਨੇ ਇਹ ਗੱਲ ਅਦਾਲਤ ਨੂੰ ਵੀਰਵਾਰ ਨੂੰ ਇਹ ਸੂਚਨਾ ਦਿੱਤੇ ਜਾਣ ਤੋਂ ਬਾਅਦ ਕਹੀ ਕਿ ਅਦਾਲਤ ਦੇ 22 ਅਪਰੈਲ ਦੇ ਹੁਕਮਾਂ ਦੇ ਬਾਵਜੂਦ ਰਾਮਦੇਵ ਨੇ ਇਤਰਾਜ਼ਯੋਗ ਬਿਆਨ ਦਿੰਦਿਆਂ ਇੱਕ ਵੀਡੀਓ ਪ੍ਰਕਾਸ਼ਤ ਕੀਤਾ ਹੈ। ਜੱਜ ਨੇ ਕਿਹਾ, “ਉਹ (ਰਾਮਦੇਵ) ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ। ਉਹ ਆਪਣੀ ਦੁਨੀਆਂ ਵਿੱਚ ਰਹਿੰਦਾ ਹੈ।”ਭਾਵੇਂ ਕਿ ਅਦਾਲਤ ਨੇ ਸੁਣਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਹਮਦਰਦ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਪਤੰਜਲੀ ਦੇ “ਗੁਲਾਬ ਸ਼ਰਬਤ”ਦਾ ਪ੍ਰਚਾਰ ਕਰਦੇ ਹੋਏ ਰਾਮਦੇਵ ਨੇ ਦੋਸ਼ ਲਗਾਇਆ ਕਿ ਹਮਦਰਦ ਵੱਲੋਂ ਰੂਹ ਅਫਜ਼ਾ ਤੋਂ ਕਮਾਏ ਪੈਸੇ ਦੀ ਵਰਤੋਂ ਮਦਰੱਸਿਆਂ ਅਤੇ ਮਸਜਿਦਾਂ ਦੇ ਨਿਰਮਾਣ ਲਈ ਕੀਤੀ ਗਈ ਸੀ।
ਇਸੇ ਲਈ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਨੇ ਵਿਵਾਦਪੂਰਨ ਟਿੱਪਣੀਆਂ ਲਈ ਰਾਮਦੇਵ ਅਤੇ ਉਨ੍ਹਾਂ ਦੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
