ਨਵਾਂਸ਼ਹਿਰ ’ਚੋਂ ਭਾਰਤੀ ਮਾਤਰਾ ’ਚ ਮਾਰੂ ਹਥਿਆਰ ਬਰਾਮਦ
ਅੰਮ੍ਰਿਤਸਰ :ਡੀਜੀਪੀ ਗੌਰਵ ਯਾਦਵ ਵੱਲੋਂ ਆਪਣੇ ਐਕਸ ਖਾਤੇ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਪੁਲੀਸ ਨੇ ਕੇਂਦਰੀ ਏਜੰਸੀ ਨਾਲ ਇੱਕ ਸਾਂਝੇ ਆਪਰੇਸ਼ਨ ਤਹਿਤ ਨਵਾਂਸ਼ਹਿਰ ਦੇ ਜੰਗਲਾਤ ਖੇਤਰ ਵਿੱਚੋਂ ਮਾਰੂ ਹਥਿਆਰ ਬਰਾਮਦ ਕੀਤੇ ਹਨ। ਹਥਿਆਰਾਂ ਵਿੱਚ ਦੋ ਰੈਕੇਟ ਪਰੋਪੈਲਡ ਗ੍ਰਨੇਡ (ਆਰਪੀਜੀ), ਦੋ ਇੰਪਰੋਵਾਈਜ਼ ਐਕਸਪਲੋਸਿਵ ਡਿਵਾਈਸ (ਆਈਈਡੀ), ਪੀ 86 ਕਿਸਮ ਦੇ ਪੰਜ ਗ੍ਰਨੇਡ ਅਤੇ ਇੱਕ ਵਾਇਰਲੈਸ ਕੰਮਿਊਨੀਕੇਸ਼ਨ ਸੈੱਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਰਹੱਦ ਪਾਰੋਂ ਪਾਕਿਸਤਾਨ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਕਰਾਸ ਬਾਰਡਰ ਦਹਿਸ਼ਤਗਰਦੀ ਨੈੱਟਵਰਕ ਦਾ ਇੱਕ ਵੱਡਾ ਹਿੱਸਾ ਹੈ, ਜਿਸ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਪੁਲੀਸ ਨੇ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਐੱਸਬੀਐਸ ਨਗਰ ਦੇ ਟਿੱਬਾ ਕੁਲਾਰ ਰੋਡ ਨੇੜੇ ਜੰਗਲਾਤ ਖੇਤਰ ਵਿੱਚੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਅਤਿਵਾਦੀ ਸੰਗਠਨ ਦੇ ਸਹਿਯੋਗ ਨਾਲ ਇੱਥੇ ਸਲੀਪਰ ਸੈੱਲ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਅੰਮ੍ਰਿਤਸਰ ਸਥਿਤ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਤੇ ਅਗਲੇਰੀ ਜਾਂਚ ਜਾਰੀ ਹੈ।
