ਕੈਨੇਡਾ-ਅਮਰੀਕਾ ਵਿਚਲੀ ਆਵਾਜਾਈ ਅੱਧੀ ਹੋਈ
ਵੈਨਕੂਵਰ : ਕੈਨੇਡਾ ਤੇ ਅਮਰੀਕਾ ਆਪਸੀ ਸੰਬੰਧਾਂ ਵਿੱਚ ਦਰਾਰ ਕਾਰਨ ਦੋਹਾਂ ਦੇਸ਼ਾਂ ਵਿੱਚਲੀ ਆਵਾਜਾਈ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਦੇਖਣ ’ਚ ਪਤਾ ਲੱਗਦਾ ਹੈ ਕਿ ਟੈਕਸ ਕਾਰਨ ਦੋਹਾਂ ਦੇਸ਼ਾਂ ਦੀ ਆਪਸੀ ਆਵਾਜਾਈ ਅੱਧੀ ਰਹਿ ਗਈ ਹੈ। ਇੱਕ ਅਨੁਮਾਨ ਅਨੁਸਾਰ ਸਾਲ ਦੇ ਮਾਰਚ ਮਹੀਨੇ 1 ਲੱਖ 21 ਹਜਾਰ ਲੋਕ ਆਰ-ਪਾਰ ਲੰਘੇ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਦਾ ਇਹ ਅੰਕੜਾ 2 ਲੱਖ 16 ਹਜਾਰ ਸੀ। ਇਸੇ ਤਰਾਂ ਅਪਰੈਲ ਮਹੀਨੇ ਆਵਾਜਾਈ ਦਾ ਅੰਕੜਾ ਇਕ ਲੱਖ ਤੋਂ ਘੱਟ ਰਿਹਾ, ਜਦੋਂ ਕਿ ਪਿਛਲੇ ਸਾਲ ਇਹੀ ਅਵਾਜਾਈ ਦੋ ਲੱਖ ਤੋਂ ਵੱਧ ਲੋਕਾਂ ਦੀ ਸੀ। ਸਰੀ ਦੇ ਨਾਲ ਲੱਗਦਾ ਪੀਸ ਆਰਚ ਸਰਹੱਦੀ ਲਾਂਘਾ, ਜਿੱਥੇ ਕੈਨੇਡਾ ਤੇ ਅਮਰੀਕਾ ਵਾਲੇ ਪਾਸੇ 10-12 ਜਾਂਚ ਗੇਟ ਹਨ, ਜਿੰਨ੍ਹਾਂ ਵਿਚੋਂ ਚੋਂ ਲਗਭਗ ਦੋ ਹੀ ਖੁੱਲੇ ਰੱਖੇ ਜਾਂਦੇ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅਮਰੀਕਾ ਦਾਖਲੇ ਵਾਸਤੇ ਸਿਰਫ ਦੋ ਗੇਟ ਖੁੱਲੇ ਹੋਣ ਦੇ ਬਾਵਜੂਦ ਵਾਹਨਾਂ ਦੀ ਉਡੀਕ ਕਤਾਰ ਬਹੁਤੀ ਲੰਮੀ ਨਹੀਂ ਸੀ। ਦੋਹਾਂ ਦੇਸ਼ਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਜਰੂਰੀ ਕੰਮਾਂ ਲਈ ਹੀ ਆਰ-ਪਾਰ ਜਾਇਆ ਜਾਂਦਾ ਹੈ, ਜਦ ਕਿ ਪਹਿਲਾਂ ਸੈਰ ਸਪਾਟੇ ਲਈ ਇੱਧਰ ਉੱਧਰ ਦੇ ਚੱਕਰ ਲੱਗਦੇ ਸਨ। ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਕਦੋਂ ਦੋਹਾਂ ਦੇਸ਼ਾਂ ਵਿਚ ਮਾਹੌਲ ਸੁਖਾਵੇਂ ਹੋਣਗੇ ਅਤੇ ਆਵਾਜਾਈ ਪਹਿਲਾਂ ਵਾਂਗ ਬਹਾਲ ਹੋਵੇਗੀ।
