ਪੂਤਿਨ ਜਲਦ ਭਾਰਤ ਆਉਣਗੇ
ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ ’ਤੇ ਗੱਲਬਾਤ ਕਰਨ ਦੀਆਂ ਖਬਰਾਂ ਜਨਤਕ ਹੋਈਆਂ ਹਨ ਅਤੇ ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਦੀ ਅਧਿਕਾਰਤ ਵੈੱਬਸਾਈਟ ਨੇ ਨਸ਼ਰ ਕੀਤੀ ਹੈ। ਰਾਸ਼ਟਰਪਤੀ ਪੂਤਿਨ ਨੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਉੱਤੇ ਆਪਣੀ ਸੰਵੇਦਨਾ ਨੂੰ ਦੁਹਰਾਇਆ ਅਤੇ ਦੋਵਾਂ ਧਿਰਾਂ ਨੇ ਅਤਿਵਾਦ ਦਾ ਮੁਕਾਬਲਾ ਕਰਨ ਵਿੱਚ ਨਿਰੰਤਰ ਸਹਿਯੋਗ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੂਤਿਨ ਅਤੇ ਰੂਸ ਦੇ ਲੋਕਾਂ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਦੀ 80ਵੀਂ ਵਰ੍ਹੇਗੰਢ ’ਤੇ ਵਧਾਈ ਦਿੱਤੀ। ਸ੍ਰੀ ਮੋਦੀ ਨੇ ਪੂਤਿਨ ਨੂੰ ਰਵਾਇਤੀ ਸਾਲਾਨਾ ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਜਿਸ ਨੂੰ ਉਨ੍ਹਾਂ ਗਰਮਜੋਸ਼ੀ ਨਾਲ ਸਵੀਕਾਰ ਕੀਤਾ। ਦੋਵਾਂ ਆਗੂਆਂ ਨੇ ਰੂਸ-ਭਾਰਤ ਸਬੰਧਾਂ ਦੀ ਰਣਨੀਤਕ ਮਜ਼ਬੂਤੀ ਬਾਰੇ ਸਲਾਹ ਮਸ਼ਵਰਾ ਕੀਤਾ।
