ਗੋਲੀਬੰਦੀ ਦੇ ਸਮਝੌਤੇ ’ਤੇ ਦ੍ਰਿੜ੍ਹ: ਪਾਕਿਸਤਾਨ
ਇਸਲਾਮਾਬਾਦ: ਭਾਰਤ-ਪਾਕਿਸਤਾਨ ਵਿੱਚ ਜੰਗ ਦੇ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਸਨ। ਇਸੇ ਤਹਿਤ ਪਾਕਿਸਤਾਨ ਨੇ ਗੋਲੀਬੰਦੀ ਸਮਝੌਤੇ ’ਤੇ ਕਾਇਮ ਰਹਿਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਨਾਲ ਹੀ ਉਸ ਨੇ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ ਦੀ ਵੀ ਆਲੋਚਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਇੱਕ ਬਿਆਨ ’ਚ ਕਿਹਾ ਕਿ ਪਾਕਿਸਤਾਨ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨ ਆਪਣੇ ਸੰਬੋਧਨ ’ਚ ਕੀਤੀਆਂ ਗਈਆਂ ‘ਭੜਕਾਊ’ ਟਿੱਪਣੀਆਂ ਨੂੰ ਖਾਰਜ ਕਰਦਾ ਹੈ। ਪਾਕਿਸਤਾਨ ਨੇ ਕਿਹਾ ਕਿ ਜਦੋਂ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਕੌਮਾਂਤਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਅਜਿਹੇ ’ਚ ਉਨ੍ਹਾਂ (ਮੋਦੀ) ਦੀਆਂ ਟਿੱਪਣੀਆਂ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ, ‘ਪਾਕਿਸਤਾਨ ਹਾਲ ਹੀ ਵਿੱਚ ਹੋਏ ਗੋਲੀਬੰਦੀ ਸਮਝੌਤੇ ਲਈ ਪ੍ਰਤੀਬੱਧ ਹੈ ਅਤੇ ਤਣਾਅ ਘਟਾਉਣ ਤੇ ਖੇਤਰੀ ਸਥਿਰਤਾ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਨੂੰ ‘ਨਿਰਾਸ਼’ ਹੋ ਕੇ ਜੰਗਬੰਦੀ ਦੀ ਮੰਗ ਕਰਨ ਵਾਲੇ ਵਜੋਂ ਪੇਸ਼ ਕਰਨਾ ਇੱਕ ਹੋਰ ‘ਕੋਰਾ ਝੂਠ’ ਹੈ।
