- ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ: ਅਮਰੀਕੀ ਵਿਦੇਸ਼ ਮੰਤਰਾਲਾ
ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦਰਮਿਆਨ ਦੋਵਾਂ ਧਿਰਾਂ ’ਚ ਸਿੱਧੀ ਗੱਲਬਾਤ ਦੀ ਵਕਾਲਤ ਕਰਦਾ ਹੈ। ਅਮਰੀਕਾ ਨੇ ਸ਼ਾਂਤੀ ਦਾ ਰਾਹ ਚੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸ਼ਲਾਘਾ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਫੌਜੀ ਸੰਘਰਸ਼ ਖਤਮ ਕਰਨ ’ਤੇ ਸ਼ਨਿਚਰਵਾਰ ਨੂੰ ਸਹਿਮਤੀ ਜਤਾਈ ਸੀ।
ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਡੀਜੀਐੱਮਓ ਦੇ ਵਿਚਕਾਰ ਗੱਲਬਾਤ ਤੋਂ ਬਾਅਦ ਫੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਬਣੀ ਅਤੇ ਇਸ ’ਚ ਕੋਈ ਤੀਜਾ ਪੱਖ ਸ਼ਾਮਲ ਨਹੀਂ ਸੀ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਪ੍ਰਮੁੱਖ ਉਪ ਬੁਲਾਰੇ ਥਾਮਸ ਪਿਗੋਟ ਨੇ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, “ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਸ਼ਾਂਤੀ ਦਾ ਰਾਹ ਚੁਣਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਰੀਫ ਦੀ ਸ਼ਲਾਘਾ ਕਰਦੇ ਹਾਂ।”
