ਪਾਕਿਸਤਾਨ ਨਾਲ ਸਾਡੇ ਸੰਬੰਧਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ: ਜੈਸ਼ੰਕਰ
ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰੀ ਸੀ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਅਤੇ ਵਪਾਰ ‘ਪੂਰੀ ਤਰ੍ਹਾਂ ਦੁੱਵਲਾ’ ਰਹੇਗਾ ਅਤੇ ਇਸ ਸਬੰਧੀ ਕਈ ਸਾਲਾਂ ਤੋਂ ਕੌਮੀ ਸਹਿਮਤੀ ਬਣੀ ਹੋਈ ਹੈ ਅਤੇ ਇਸ ’ਚ ‘ਕਦੇ ਕੋਈ ਬਦਲਾਅ ਨਹੀਂ’ ਹੋਵੇਗਾ।
ਜੈਸ਼ੰਕਰ ਨੇ ਕਿਹਾ, ‘‘ਮੇਰੇ ਲਈ ਚੀਜ਼ਾਂ ਬਿਲਕੁਲ ਸਪੱਸ਼ਟ ਹਨ, ਮੈਂ ਇਸ ਮੌਕੇ ਆਪਣੀ ਸਥਿਤੀ ਸਪੱਸ਼ਟ ਕਰਨਾ ਚਾਹੁੰਦਾ ਹਾਂ। ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਸਾਡੇ ਸਬੰਧ, ਉਨ੍ਹਾਂ ਨਾਲ ਪੁੂਰੀ ਤਰ੍ਹਾਂ ਦੁਵੱਲੇ ਰਹਿਣਗੇ।’’
ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ‘ਬਹੁਤ ਸਪੱਸ਼ਟ’ ਕਰ ਦਿੱਤੀ ਹੈ ਕਿ ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਸਿਰਫ਼ ਅਤਿਵਾਦ ’ਤੇ ਹੀ ਹੋਵੇਗੀ। ‘‘ਪਾਕਿਸਤਾਨ ਕੋਲ ਅਤਿਵਾਦੀਆਂ ਦੀ ਇੱਕ ਸੂਚੀ ਹੈ, ਜਿਸ ਨੂੰ ਸੌਂਪਣ ਦੀ ਲੋੜ ਹੈ। ਉਨ੍ਹਾਂ ਨੂੰ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਬੰਦ ਕਰਨ ਪਵੇਗਾ, ਉਹ ਜਾਣਦੇ ਹਨ ਕਿ ਕੀ ਕਰਨਾ ਹੈ। ਅਤਿਵਾਦੀ ’ਤੇ ਕੀ ਕੀਤਾ ਜਾਣਾ ਚਾਹੀਦਾ ਹੈ, ਅਸੀਂ ਇਸ ਸਬੰਧੀ ਚਰਚਾ ਕਰਨ ਲਈ ਤਿਆਰ ਹਾਂ।’’
ਕਸ਼ਮੀਰ ਮੁੱਦੇ ’ਤੇ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਕਸ਼ਮੀਰ ’ਤੇ ਚਰਚਾ ਲਈ ਸਿਰਫ਼ ਇੱਕ ਹੀ ਗੱਲ ਬਚੀ ਹੈ, ਉਹ ਹੈ ਮਕਬੁੂਜ਼ਾ ਕਸ਼ਮੀਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਹੇਠ ਲਏ ਗਏ ਭਾਰਤੀ ਖੇਤਰ ਨੂੰ ਖ਼ਾਲੀ ਕਰਵਾਉਣਾ। ਅਸੀਂ ਇਸ ’ਤੇ ਪਾਕਿਸਤਾਨ ਨਾਲ ਚਰਚਾ ਕਰਨ ਲਈ ਤਿਆਰ ਹਾਂ, ਸਰਕਾਰ ਦੀ ਸਥਿਤੀ ਬਹੁਤ ਸਪੱਸ਼ਟ ਹੈ।’’
