ਭਾਰਤ ਦੀ ਇਸ ਯੋਜਨਾ ਨਾਲ ਪਾਕਿਸਤਾਨ ਵਿੱਚ ਮਚ ਸਕਦੀ ਹੈ ਖਲਬਲੀ
ਨਵੀਂ ਦਿੱਲੀ : ਭਾਰਤ ਪਾਕਿ ਦੇ ਸੰਬੰਧ ਭਾਵੇਂ ਸੰਵਰ ਰਹੇ ਹਨ, ਪਰ ਭਾਰਤ ਦੇ ਇੰਡਸ ਰਿਵਰ ਪ੍ਰੋਜੈਕਟ ਨਾਲ ਪਾਕਿਸਤਾਨ ਵਿੱਚ ਖਲਬਲੀ ਮੱਚ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਖੇਤੀਬਾੜੀ ਲਈ ਸਿੰਧੂ ਨਦੀ ਦੇ ਪਾਣੀ ’ਤੇ ੇ 80 ਪ੍ਰਤੀਸ਼ਤ ਨਿਰਭਰ ਕਰਦਾ ਹੈ। ਪਰ ਹੁਣ ਭਾਰਤ ਸਰਕਾਰ ਇੱਕ ਐਸਾ ਪ੍ਰੋਜੈਕਟ ਨੂੰ ਅੰਜਾਮ ਦੇਣ ਜਾ ਰਹੀ ਹੈ ਜਿਸ ਕਾਰਨ ਸਿੰਧੂ ਨਦੀ ਦਾ ਪਾਣੀ ਵੱਡੀ ਪੱਧਰ ’ਤੇ ਰੋਕਿਆ ਜਾ ਸਕਦਾ ਹੈ। ਝਨਾਬ, ਸਿੰਧੂ ਅਤੇ ਜੇਲ੍ਹਮ ਨਦੀਆਂ ਉੱਤੇ ਨਵੇਂ ਪ੍ਰੋਜੈਕਟ ਤਹਿਤ ਕੰਮ ਸ਼ੁਰੂ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਝਨਾਬ ਨਦੀ ਉੱਤੇ ਡੈਮ ਦੀ ਲੰਬਾਈ ਨੂੰ ਦੁਗਣਾ ਕਰਕੇ 120 ਕਿਲੋਮੀਟਰ ਤੱਕ ਕੀਤਾ ਜਾ ਸਕਦਾ ਹੈ।
ਇਕ ਰਿਪੋਰਟ ਦੇ ਮੁਤਾਬਿਕ ਜਦੋਂ ਇਹ ਪ੍ਰੋਜੈਕਟ ਪੂਰਾ ਹੋਵੇਗਾ ਤਾਂ ਭਾਰਤ 150 ਕਿਊਬਿਕ ਮੀਟਰ ਪਾਣੀ ਮੋੜ ਸਕਦਾ ਹੈ, ਜਦਕਿ ਇਹ ਪਹਿਲਾਂ ਸਿਰਫ 40 ਕਿਊਬਿਕ ਮੀਟਰ ਪਾਣੀ ਹੀ ਰੋਕ ਸਕਦਾ ਸੀ। ਪਾਕਿਸਤਾਨ ਦਾ ਇਸ ਮੁੱਦੇ ਉੱਤੇ ਕਹਿਣਾ ਹੈ ਕਿ ਭਾਰਤ ਦਾ ਇਹ ਐਕਸ਼ਨ ਗੈਰ ਕਾਨੂੰਨੀ ਹੈ।
ਦੱਸਿਆ ਜਾ ਰਿਹਾ ਹੈ ਭਾਰਤ ਦੇ ਇਸ ਐਕਸ਼ਨ ਕਾਰਨ ਪਾਕਿਸਤਾਨ ਬਿਜਲੀ ਨੂੰ ਤਰਸ ਜਾਵੇਗਾ। ਭਾਵੇਂ ਕਿ ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਸਮਾਂ ਲੱਗੇਗਾ ਪਰ ਇਸ ਪ੍ਰੋਜੈਕਟ ਦੇ ਸਿਰੇ ਚੜ੍ਹਨ ਤੋਂ ਬਾਅਦ ਪਾਕਿਸਤਾਨ ਵਿੱਚ ਬਿਜਲੀ ਕਿਲਤ ਬਹੁਤ ਵੱਧ ਜਾਵੇਗੀ। ਪਾਕਿਸਤਾਨ ਨੂੰ ਵੀ ਇਸ ਗੱਲ ਦਾ ਤੌਖਲਾ ਹੈ ਕਿ ਉਸ ਨੂੰ ਭਾਰਤ ਦੇ ਦਬਾਅ ਦਾ ਸਾਹਮਣਾ ਕਰਨਾ ਪਵੇਗਾ।
ਰਣਵੀਰ ਨਹਿਰ ਦੇ ਵਿਸਥਾਰ ਦੀ ਯੋਜਨਾ ਦੇ ਨਾਲ-ਨਾਲ ਹੋਰ ਪ੍ਰੋਜੈਕਟਾਂ ਰਾਹੀਂ ਭਾਰਤ ਦੀ ਇਹ ਕੋਸ਼ਿਸ਼ ਹੋ ਸਕਦੀ ਹੈ ਕਿ ਉਹ ਪਾਕਿਸਤਾਨ ਨੂੰ ਘੱਟ ਤੋਂ ਘੱਟ ਪਾਣੀ ਜਾਣ ਦੇਵੇ। ਇਸ ਤਰ੍ਹਾਂ ਪਾਕਿਸਤਾਨ ਵਿੱਚ ਪਾਣੀ ਦੀ ਕਮੀ ਕਾਰਨ ਉਸ ਨੂੰ ਬਿਜਲੀ ਪੈਦਾ ਕਰਨ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇੱਕ ਰਿਪੋਰਟ ਮੁਤਾਬਿਕ ਭਾਰਤ ਨੇ ਜੰਮੂ ਅਤੇ ਕਸ਼ਮੀਰ ਖੇਤਰ ਦੇ ਹਾਈਡਰੋਲਿਕ ਪ੍ਰੋਜੈਕਟਾਂ ਦੀ ਇੱਕ ਲਿਸਟ ਬਣਾਈ ਹੈ, ਜਿਸ ਵਿੱਚ ਬਿਜਲੀ ਉਤਪਾਦ 3,360 ਮੈਗਾਵਾਟ ਤੋਂ ਵਧਾ ਕੇ 12,000 ਮੈਗਾਵਾਟ ਤੱਕ ਕੀਤਾ ਜਾਵੇਗਾ। ਇਨ੍ਹਾਂ ਯੋਜਨਾਵਾਂ ਵਿੱਚ ਨਹਿਰਾਂ ’ਤੇ ਵੱਡੇ ਬੰਨ ਬਣਾ ਕੇ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ-ਸਾਫ ਕਿਹਾ ਸੀ ਕਿ ਪਾਣੀ ਅਤੇ ਖੂਨ ਨਾਲ ਨਾਲ ਨਹੀਂ ਵਹਿ ਸਕਦੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁੱਖ ਬੁਲਾਰੇ ਰਣਧੀਰ ਜਸਵਾਲ ਨੇ 13 ਮਈ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ ਸਿੰਧੂ ਜਲ ਸੰਧੀ ਨੂੰ ਉਦੋਂ ਤੱਕ ਬੰਦ ਰੱਖੇਗਾ, ਜਦੋਂ ਤੱਕ ਪਾਕਿਸਤਾਨ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ।
