ਗਾਜ਼ਾ ’ਚ ਹਮਲਿਆਂ ਕਾਰਨ 82 ਮੌਤਾਂ
(ਗਾਜ਼ਾ) :ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੌਰਾਨ ਗਾਜ਼ਾ ’ਚ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੱਟ ਤੋਂ ਘੱਟ 66 ਲਾਸ਼ਾਂ ਇੰਡੋਨੇਸ਼ੀਅਨ ਹਸਪਤਾਲ ਲਿਆਂਦੀਆਂ ਗਈਆਂ, ਜਦਕਿ 16 ਲਾਸ਼ਾਂ ਨਾਸੇਰ ਹਸਪਤਾਲ ਭੇਜੀਆਂ ਗਈਆਂ ਹਨ। ਦੀਰ ਅਲ-ਬਲਾ ਦੇ ਬਾਹਰੀ ਇਲਾਕਿਆਂ ਅਤੇ ਖਾਨ ਯੂਨਿਸ ਸ਼ਹਿਰ ਵਿਚ ਰਾਤ ਭਰ ਤੋਂ ਸਵੇਰੇ ਤੱਕ ਹਮਲੇ ਕੀਤੇ ਗਏ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਟਰੰਪ ਖਾੜੀ ਦੇ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਇਜ਼ਰਾਈਲ ਦਾ ਦੌਰਾ ਨਹੀਂ ਕੀਤਾ। ਲੋਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਦੌਰੇ ਨਾਲ ਯੁੱਧਵਿਰਾਮ ਜਾਂ ਮਨੁੱਖੀ ਸਹਾਇਤਾ ਦੇ ਰਾਹ ਖੁੱਲ ਸਕਦੇ ਹਨ। ਗਾਜ਼ਾ ਵਿਚ ਇਜ਼ਰਾਈਲ ਦੀ ਨਾਕਾਬੰਦੀ ਦਾ ਹੁਣ ਤੀਜਾ ਮਹੀਨਾ ਹੈ। ਇਜ਼ਰਾਈਲ ਦੀ ਫੌਜ ਨੇ ਇਨ੍ਹਾਂ ਹਮਲਿਆਂ ’ਤੇ ਹੁਣ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਕੀਤੀ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਜਾਰੀ ਹਮਲਿਆਂ ਵਿਚ 130 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਗਾਜ਼ਾ ਵਿੱਚ ਹੋ ਰਹੇ ਇਨ੍ਹਾਂ ਹਮਲਿਆਂ ਉਤੇ ਕੋਈ ਵਿਰਾਮ ਨਹੀਂ ਲੱਗ ਰਿਹਾ ਅਤੇ ਹੋਰ ਵੀ ਹਮਲੇ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
