ਪਾਕਿ ’ਚ ਰੁਕੇ ਅਫ਼ਗ਼ਾਨਿਸਤਾਨ ਦੇ ਟਰੱਕ ਭਾਰਤ ਪੁੱਜੇ
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਤੋਂ ਬਾਅਦ ਪਾਕਿਸਤਾਨ ਵਿੱਚ ਰੁਕੇ ਹੋਏ ਟਰੱਕ ਜਿਨ੍ਹਾਂ ਵਿੱਚ ਸੁੱਕੇ ਮੇਵੇ ਤੇ ਹੋਰ ਮਾਲ ਸ਼ਾਮਲ ਹਨ, ਅੱਜ ਅਟਾਰੀ ਸਰਹੱਦ ਤੋਂ ਭਾਰਤ ਪੁੱਜੇ ਹਨ। ਪਹਿਲਗਾਮ ਦਹਿਸ਼ਤੀ ਘਟਨਾ ਤੋਂ ਬਾਅਦ ਅਟਾਰੀ ਸਰਹੱਦ ਨੂੰ ਆਵਾਜਾਈ ਤੇ ਵਪਾਰ ਲਈ ਬੰਦ ਕਰ ਦਿੱਤਾ ਗਿਆ ਸੀ। ਉਸ ਵੇਲੇ ਅਫਗਾਨਿਸਤਾਨ ਤੋਂ ਕੁਝ ਟਰੱਕ ਪਾਕਿਸਤਾਨ ਰਸਤੇ ਇੱਥੇ ਪੁੱਜ ਚੁੱਕੇ ਸਨ ਪਰ ਵਪਾਰ ਬੰਦ ਕੀਤੇ ਜਾਣ ਕਾਰਨ ਇਹ ਟਰੱਕ ਭਾਰਤ ਵਿੱਚ ਦਾਖਲ ਨਹੀਂ ਹੋ ਸਕੇ ਸਨ। ਇਨ੍ਹਾਂ ਟਰੱਕਾਂ ਵਿੱਚੋਂ ਹੀ ਦਰਜਨ ਭਰ ਟਰੱਕ ਅੱਜ ਅਟਾਰੀ ਆਈਸੀਪੀ ਪੁੱਜੇ ਹਨ। ਇਹ ਮਾਲ ਭਾਰਤੀ ਵਪਾਰੀਆਂ ਵੱਲੋਂ ਪਹਿਲਗਾਮ ਘਟਨਾ ਤੋਂ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਮੰਗਵਾਇਆ ਗਿਆ ਸੀ। ਪਾਕਿਸਤਾਨ ਵਿੱਚ ਰੁਕੇ ਹੋਏ ਬਾਕੀ ਟਰੱਕਾਂ ਦੇ ਵੀ ਅਗਲੇ ਦਿਨਾਂ ਵਿੱਚ ਭਾਰਤ ਪੁੱਜਣ ਦੀ ਸੰਭਾਵਨਾ ਹੈ।
