ਜਾਸੂਸੀ ਲਈ ਹਰਿਆਣਾ ਦੀ ਯੂਟਿਊਬਰ ਗ੍ਰਿਫ਼ਤਾਰ
ਹਿਸਾਰ : ਹਿਸਾਰ ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ । ਸੂਚਤਾਂ ਅਨੁਸਾਰ ਹਿਸਾਰ ਪੁਲੀਸ ਨੇ ਜੋਤੀ ਮਲਹੋਤਰਾ ਨੂੰ ਪੁੱਛ ਪੜਤਾਲ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਿਸਾਰ ਸਿਵਲ ਲਾਈਨਜ਼ ਪੁਲੀਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਅਨੁਸਾਰ ਜੋਤੀ ‘ਟਰੈਵਲ ਵਿੱਦ ਜੋ’ ਨਾਮ ਹੇਠ ਇੱਕ ਯੂਟਿਊਬ ਟਰੈਵਲ ਚੈਨਲ ਚਲਾਉਂਦੀ ਹੈ। ਉਸ ਨੇ 2023 ਵਿੱਚ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਪਾਕਿਸਤਾਨੀ ਨਾਗਰਿਕਾਂ ਅਤੇ ਖੁਫ਼ੀਆ ਏਜੰਸੀਆਂ ਨਾਲ ਸੰਪਰਕ ਬਣਾਏ ਸਨ। ਦੋ ਵਾਰ ਪਾਕਿਸਤਾਨੀ ਫੇਰੀਆਂ ਦੌਰਾਨ ਉਹ ਅਲੀ ਅਹਵਾਨ ਨਾਂ ਦੇ ਇੱਕ ਵਿਅਕਤੀ ਨੂੰ ਮਿਲੀ, ਜਿਸ ਨੇ ਉਸ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਪਾਕਿਸਤਾਨ ਦੀਆਂ ਖੁਫ਼ੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਦਾ ਪ੍ਰਬੰਧ ਕਰਵਾਇਆ।
ਜੋਤੀ ਖ਼ਿਲਾਫ਼ ਉਨ੍ਹਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ, ਜਿਸ ਨਾਲ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਹੋਇਆ।
ਜ਼ਿਕਰਯੋਗ ਹੈ ਕਿ ਜੋਤੀ ਮਲਹੋਤਰਾ (33) ਦੇ ਯੂਟਿਊਬ ’ਤੇ 3.77 ਲੱਖ ਤੋਂ ਵੱਧ ਅਤੇ ਇੰਸਟਾਗ੍ਰਾਮ ’ਤੇ ਲਗਭਗ 1.5 ਲੱਖ ਫਾਲੋਅਰ ਹਨ। ਉਸ ਨੇ ਹੁਣ ਤੱਕ ਆਪਣੇ ਯੂਟਿਊਬ ਚੈਨਲ ਲਈ ਲਗਭਗ 500 ਵੀਡੀਓ ਤਿਆਰ ਕੀਤੇ ਹਨ, ਜਿਸ ਦੇ 53 ਲੱਖ ਤੋਂ ਵੱਧ ਵਿਊਜ਼ ਹਨ। ਜੋਤੀ ਵੱਲੋਂ ਪਾਕਿਸਤਾਨ ਦੀ ਆਪਣੀ ਯਾਤਰਾ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਹ ਹਿੰਦੂ ਤੀਰਥ ਸਥਾਨਾਂ ਦੀ ਯਾਤਰਾ ਕਰਨ ਗਈ ਸੀ। ਪੁੱਛ ਗਿੱਛ ਬਾਅਦ ਆਰੋਪ ਸਾਬਿਤ ਕੀਤੇ ਜਾਣਗੇ।
