ਤੰਦਰੁਸਤ ਸਿਹਤ ਲਈ ਬੇਹੱਦ ਜ਼ਰੂਰੀ ਪੋਸ਼ਣ-ਮਿਆਰੀ ਭੋਜਨ

ਤੰਦਰੁਸਤ ਸਿਹਤ ਲਈ ਬੇਹੱਦ ਜ਼ਰੂਰੀ ਪੋਸ਼ਣ-ਮਿਆਰੀ ਭੋਜਨ
ਭੋਜਨ—ਸਰੀਰ ਦੀ ਜ਼ਰੂਰੀ ਲੋੜ ਹੈ। ਕੋਈ ਵੀ ਪਦਾਰਥ ਜੋ ਇਨਸਾਨ ਖਾ ਸਕਦਾ ਹੋਵੇ ਭੋਜਨ ਹੈ। ਭੋਜਨ ਸਰੀਰ ਵਿਚ ਊਰਜਾ ਪੈਦਾ ਕਰਦਾ ਹੈ। ਭੋਜਨ ਦੁਆਰਾ ਸਰੀਰ ਵਿਚ ਨਵੇਂ ਤੰਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਟੁੱਟੇ-ਭੱਜੇ ਤੰਤੂਆਂ ਦੀ ਮੁਰੰਮਤ ਹੁੰਦੀ ਹੈ। ਭੋਜਨ ਸਰੀਰਕ ਪ੍ਰਕ੍ਰਿਆ ਨੂੰ ਨਿਯਮਤ ਕਰਦਾ ਹੈ ਅਤੇ ਭੋਜਨ ਨਾਲ ਸਰੀਰ ਦੇ ਜ਼ਰੂਰੀ ਮਿਸ਼ਰਣਾਂ ਵਿਚ ਵਾਧਾ ਹੁੰਦਾ ਹੈ।
ਆਮ ਤੌਰ ’ਤੇ ਉਹ ਸਾਰੇ ਪਦਾਰਥ ਭੋਜਨ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਖਾ ਕੇ ਮਨੁੱਖ ਆਪਣੀ ਸਰੀਰਕ ਪਾਚਣ ਪ੍ਰਕ੍ਰਿਆ ਰਾਹੀਂ ਆਪਣੇ ਸਰੀਰ ਵਿਚ ਜਜ਼ਬ ਕਰਦਾ ਹੈ ਅਤੇ ਇਹ ਸਰੀਰ ਵਿਚ ਪ੍ਰਵੇਸ਼ ਕਰਕੇ ਵੱਖ-ਵੱਖ ਕੰਮ ਕਰਦੇ ਹਨ।
ਭੋਜਨ ਪਦਾਰਥਾਂ ਤੋਂ ਸਾਡੇ ਸਰੀਰ ਨੂੰ ਸ਼ਕਤੀ ਅਤੇ ਗਰਮੀ ਪ੍ਰਾਪਤ ਹੁੰਦੀ ਹੈ ਭੋਜਨ ਵਿਚ ਕੁਝ ਖ਼ਾਸ ਵਿਸ਼ੇਸ਼ਤਾਈਆਂ ਹੋਣੀਆਂ ਚਾਹੀਦੀਆਂ ਹਨ—(1) ਭੋਜਨ ਪਦਾਰਥਾਂ ਦੀ ਰਸਾਇਣਕ ਬਣਤਰ ਅਜਿਹੀ ਹੋਵੇ ਕਿ ਭੋਜਨ ਦੇ ਪੋਸ਼ਣ ਤੱਤ ਪਾਚਣ ਪ੍ਰਕ੍ਰਿਆ ਰਾਹੀਂ ਖੂਨ ਵਿਚ ਮਿਲਕੇ ਸਰੀਰ ਦਾ ਵਾਧਾ ਤੇ ਵਿਕਾਸ ਕਰਨ (2) ਸਰੀਰ ਦੀਆਂ ਰਸ ਗ੍ਰੰਥੀਆਂ ਭੋਜਨ ਦੇ ਪੋਸ਼ਣ ਤੱਤਾਂ ਦਾ ਵਿਖੰਡਣ ਕਰਕੇ ਉਸ ਦੇ ਸੂਖਮ ਕਣ ਖੂਨ ਦੀਆਂ ਕੋਸ਼ਿਕਾਵਾਂ ’ਚ ਜਜ਼ਬ ਕਰ ਸਕਣ (3) ਭੋਜਨ ਦੇ ਪੋਸ਼ਣ ਤੱਤ ਸਰੀਰ ਲਈ ਲਾਹੇਵੰਦ ਹੋਣ ਤਾਂ ਕਿ ਸਰੀਰ ਦੇ ਸੈਲਾਂ ਦੀ ਟੁੱਟ-ਭੱਜ ਦੀ ਮੁਰੰਮਤ ਕਰਨ ਦੇ ਸਮਰਥ ਹੋਣ।
ਪੋਸ਼ਣ—ਇਕ ਅਜਿਹੀ ਵਿਗਿਆਨਕ ਜਾਣਕਾਰੀ ਹੈ ਜਿਸ ਦੁਆਰਾ ਸਾਨੂੰ ਭੋਜਨ ਪਦਾਰਥਾਂ ਵਿਚਲੇ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਦਾ ਸਬੰਧ ਸਾਡੇ ਸਰੀਰ ਦੇ ਵਾਧੇ ਅਤੇ ਵਿਕਾਸ ਨਾਲ ਹੁੰਦਾ ਹੈ। ਇਕ ਵਿਅਕਤੀ, ਪਰਿਵਾਰ ਅਤੇ ਸਾਰੀ ਕੌਮ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਭੋਜਨ ਦੇ ਪੌਸ਼ਟਿਕ ਤੱਤਾਂ ’ਤੇ ਨਿਰਭਰ ਕਰਦੀ ਹੈ।
ਪੋਸ਼ਣ ਤੇ ਤੰਦਰੁਸਤੀ—ਪੋਸ਼ਣ ਗਿਆਨ ਦੁਆਰਾ ਹੀ ਅਸੀਂ ਚੰਗਾ ਭੋਜਨ ਪ੍ਰਾਪਤ ਕਰ ਸਕਦੇ ਹਾਂ। ਪੋਸ਼ਣ ਸਬੰਧੀ ਅਨੇਕਾਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਭੋਜਨ ਵਿਚ ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟਸ, ਵਿਟਾਮਿਨਜ਼ ਅਤੇ ਖਣਿਜ ਪਦਾਰਥ ਸ਼ਾਮਲ ਹੋਣੇ ਜ਼ਰੂਰੀ ਹਨ। ਪੋਸ਼ਣ ਦਾ ਸਰੀਰਕ ਤੰਦਰੁਸਤੀ ਨਾਲ ਗੁੜ੍ਹਾ ਸਬੰਧ ਹੈ ਜਿਵੇਂ :—
1. ਵਾਧਾ ਤੇ ਵਿਕਾਸ—ਮਨੁੱਖੀ ਸਰੀਰ ਦਾ ਵਾਧਾ (ਭਾਵ ਸਰੀਰ ਦੀ ਲੰਬਾਈ ਦਾ ਵਧਣਾ) ਅਤੇ ਵਿਕਾਸ (ਭਾਵ ਉਮਰ ਦੇ ਵਾਧੇ ਨਾਲ ਸਰੀਰਕ ਭਾਰ ਦਾ ਵੱਧਣਾ) ਲਈ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ। ਸਰੀਰ ਹੀ ਨਹੀਂ ਸਗੋਂ ਬੁੱਧੀ, ਯਾਦਾਸ਼ਤ ਅਤੇ ਮਨੁੱਖੀ ਵਿਵਹਾਰ ਵੀ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਜਿਥੇ ਪੌਸ਼ਟਿਕ ਭੋਜਨ ਇਨਸਾਨ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ, ਉਥੇ ਕੁਪੋਸ਼ਣ ਸਰੀਰਕ ਵਾਧੇ ਅਤੇ ਵਿਕਾਸ ਵਿਚ ਰੁਕਾਵਟ ਪੈਦਾ ਕਰਦਾ ਹੈ।
2. ਵਿਸ਼ੇਸ਼ ਘਾਟਾ—ਕੁਪੋਸ਼ਣ ਨਾਲ ਸਿੱਧੇ ਤੌਰ ’ਤੇ ਮਨੁੱਖੀ ਸਿਹਤ ’ਤੇ ਭੈੜਾ ਪ੍ਰਭਾਵ ਪੈਂਦਾ ਹੈ। ਭੋਜਨ ਪਦਾਰਥਾਂ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਕਵਾਸ਼ਿਉਰਕੋਰ (ਪ੍ਰੋਟੀਨ ਦੀ ਘਾਟ, ਡੌਲੇ ਪਤਲੇ-ਪਤੰਗ, ਸੁਜੇ ਹੱਥ-ਪੈਰ) ਅਤੇ ਸੋਕੜਾ ਵਰਗੇ ਰੋਗ ਬਚਪਨ ਵਿਚ ਹੀ ਲੱਗ ਸਕਦੇ ਹਨ। ਬੇਰੀ-ਬੇਰੀ, ਗਿਲੜ੍ਹ, ਅੰਧਾਪਣ ਅਤੇ ਖੂਨ ਦੀ ਘਾਟ ਵੀ ਭੋਜਨ ਪਦਾਰਥਾਂ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੁੰਦੀ ਹੈ।
3. ਛੂਤ ਨਿਰੋਧਕ ਸ਼ਕਤੀ—ਭੋਜਨ ਦੇ ਪੌਸ਼ਟਿਕ ਤੱਤ ਸਰੀਰ ਵਿਚ ਬੀਮਾਰੀਆਂ ਦੀ ਛੂਤ ਵਿਰੁੱਧ ਲੜਨ ਦੀ ਕੁਦਰਤੀ ਸ਼ਕਤੀ (ਇਮਿਉਨਿਟੀ) ਪੈਦਾ ਕਰਦੇ ਹਨ। ਜਦੋਂਕਿ ਕੁਪੋਸ਼ਣ ਸਰੀਰ ਦੀਆਂ ਪਾਚਣ ਪ੍ਰਕ੍ਰਿਆਵਾਂ ਵਿਚ ਵਿਗਾੜ ਪੈਦਾ ਕਰਕੇ ਬੀਮਾਰੀਆਂ ਦੀ ਛੂਤ ਫੈਲਾਉਂਦਾ ਹੈ। ਤਪਦਿਕ ਵਰਗੇ ਰੋਗ ਫੈਲਣ ਦਾ ਕਾਰਨ ਕੁਪੋਸ਼ਣ ਹੈ।
4. ਮੌਤ-ਦਰ ਤੇ ਬੀਮਾਰੀਆਂ—ਇਹ ਇਕ ਸਚਾਈ ਹੈ ਕਿ ਸਾਡੀ ਖੁਰਾਕ ਅਤੇ ਬੀਮਾਰੀਆਂ ਦਾ ਆਪਸੀ ਸਬੰਧ ਹੈ। ਕੁਝ ਬੀਮਾਰੀਆਂ ਕੁਪੋਸ਼ਣ ਦੁਆਰਾ ਫੈਲਦੀਆਂ ਹਨ ਅਤੇ ਕੁਝ ਬੀਮਾਰੀਆਂ ਦਾ ਸਬੰਧ ਜ਼ਰੂਰਤ ਤੋਂ ਵੱਧ ਪੌਸ਼ਟਿਕ ਭੋਜਨ ਨਾਲ ਹੈ। ਮੋਟਾਪਾ, ਸ਼ਕਰ-ਰੋਗ ਦਾ ਕਾਰਨ ਜ਼ਰੂਰਤ ਤੋਂ ਵੱਧ ਪੌਸ਼ਟਿਕ ਭੋਜਨ ਖਾਣ ਨਾਲ ਹੈ। ਕੁਪੋਸ਼ਣ ਮੌਤ-ਦਰ ਅਤੇ ਬੀਮਾਰੀਆਂ ਵਿਚ ਵਾਧੇ ਦਾ ਮੁੱਖ ਕਾਰਨ ਹੈ।
ਪੋਸ਼ਣ ਦੀ ਲੋੜ—ਜਿਵੇਂ ਮਸ਼ੀਨੀ ਕਲ-ਪੁਰਜ਼ਿਆਂ ਨੂੰ ਤੇਲ ਦੀ ਲੋੜ ਪੈਂਦੀ ਹੈ ਕਿ ਮਸ਼ੀਨ ਠੀਕ ਢੰਗ ਨਾਲ ਕੰਮ ਕਰੇ ਇਸੇ ਤਰ੍ਹਾਂ ਸਰੀਰ ਨੂੰ ਪੋਸ਼ਣ ਦੀ ਲੋੜ ਹੈ। ਊਰਜਾ ਦੇ ਸਰੋਤ ਭੋਜਨ ਦੇ ਪੋਸ਼ਣ ਤੱਤ ਜਿਵੇਂ ਕਿ ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟਸ ਸਾਡੇ ਸਰੀਰ ਦੀ ਊਰਜਾ ਲੋੜ ਨੂੰ ਪੂਰਿਆ ਕਰਦੇ ਹਨ।
ਪ੍ਰੋਟੀਨ ਦੇ ਸਰੋਤ—ਮਾਸ, ਮੱਛੀ, ਮੁਰਗਾ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਸੋਇਆਬੀਨ, ਜੌਂ, ਬਾਜਰਾ, ਰੋਂਗੀ, ਚਨੇ, ਸੁੱਕੇ ਮਟਰ, ਮੂੰਗਫਲੀ, ਮੇਵੇ ਆਦਿ। ਸਰੀਰ ਨੂੰ ਊਰਜਾ ਦੀ ਲੋੜ ਉਮਰ ਅਤੇ ਲਿੰਗ ਅਨੁਸਾਰ ਹੁੰਦੀ ਹੈ। ਇਕ ਗਰਾਮ ਪ੍ਰੋਟੀਨ ਤੋਂ ਸਾਡੇ ਸਰੀਰ ਨੂੰ 4 ਕੈਲਰੀਜ਼ ਊਰਜਾ ਪ੍ਰਾਪਤ ਹੁੰਦੀ ਹੈ।
ਚਿਕਨਾਈ ਦੇ ਸਰੋਤ—ਘਿਉ, ਤੇਲ, ਮੱਖਣ, ਕਰੀਮ, ਮੱਛੀ, ਜਿਗਰ, ਮੂੰਗਫਲੀ ਅਤੇ ਨਾਰੀਅਲ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਕ ਗਰਾਮ ਚਿਕਨਾਈ ਤੋਂ 9 ਕੈਲਰੀਜ਼ ਊਰਜਾ ਪ੍ਰਾਪਤ ਹੁੰਦੀ ਹੈ।
ਕਾਰਬੋਹਾਈਡਰੇਟਸ ਦੇ ਸੋਮੇ—ਕਣਕ, ਚਾਵਲ, ਸੋਇਆਬੀਨ, ਜਵਾਰ, ਬਾਜਰਾ, ਮੱਕੀ, ਛੋਲੇ, ਮਟਰ, ਅਰਬੀ, ਸ਼ਹਿਦ, ਆਲੂ, ਸ਼ਕਰਕੰਦੀ, ਸ਼ਕਰ, ਗੂੜ, ਚੀਨੀ, ਗੰਨਾ, ਅੰਬ, ਕੇਲਾ, ਖਜੂਰ, ਅੰਗੂਰ, ਅੰਜੀਰ ਆਦਿ। ਇਕ ਗਰਾਮ ਕਾਰਬੋਹਾਈਡਰੇਟਸ ਤੋਂ 4 ਕੈਲਰੀਜ਼ ਊਰਜਾ ਮਿਲਦੀ ਹੈ।
ਇਨ੍ਹਾਂ ਪੋਸ਼ਣ ਤੱਤਾਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਭੋਜਨ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਵਧੀਆ ਹੁੰਦਾ ਹੈ ਅਤੇ ਸਰੀਰ ਵਿਚ ਬੀਮਾਰੀਆਂ ਦੀ ਛੂਤ ਵਿਰੁੱਧ ਲੜਨ ਦੀ ਕੁਦਰਤੀ ਸ਼ਕਤੀ ਪੈਦਾ ਕਰਕੇ ਤੰਦਰੁਸਤੀ ਪ੍ਰਦਾਨ ਕਰਦਾ ਹੈ।