ਭਗਵੰਤ ਮਾਨ ਡੰਮੀ ਮੁੱਖ ਮੰਤਰੀ: ਚੰਨੀ

ਭਗਵੰਤ ਮਾਨ ਡੰਮੀ ਮੁੱਖ ਮੰਤਰੀ: ਚੰਨੀ

0
169

ਭਗਵੰਤ ਮਾਨ ਡੰਮੀ ਮੁੱਖ ਮੰਤਰੀ: ਚੰਨੀ

‘ਪੰਜਾਬ ਦਾ ਕੋਈ ਵੀ ਮੰਤਰੀ ਆਜ਼ਾਦ ਤੌਰ ’ਤੇ ਨਹੀਂ ਲੈ ਸਕਦਾ ਕੋਈ ਫੈਸਲਾ’

ਸ਼ਾਹਕੋਟ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀਏ ਸੁਖਦੀਪ ਸਿੰਘ (ਸੋਨੂੰ) ਕੰਗ ਦੇ ਫਾਰਮ ਹਾਊਸ ’ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।

ਸ੍ਰੀ ਚੰਨੀ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧਦਿਆਂ ਕਿਹਾ, ‘‘ਬਦਲਾਅ ਦਾ ਨਾਅਰਾ ਦੇ ਕੇ ਸੱਤਾ ’ਤੇ ਕਾਬਜ਼ ਹੋਣ ਵਾਲਿਆਂ ਨੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਮੌਕੇ ਅਮੀਰਾਂ ਨੂੰ ਰਾਜ ਸਭਾ ’ਚ ਭੇਜ ਕੇ ਸੂਬੇ ਅੰਦਰ ਪਹਿਲਾ ਸਭ ਤੋਂ ਵੱਡਾ ਬਦਲਾਅ ਕੀਤਾ ਸੀ।’’ ਭਗਵੰਤ ਸਿੰਘ ਮਾਨ ਨੂੰ ਡੰਮੀ ਮੁੱਖ ਮੰਤਰੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਕੋਈ ਵੀ ਮੰਤਰੀ ਆਜ਼ਾਦ ਤੌਰ ’ਤੇ ਫ਼ੈਸਲਾ ਨਹੀਂ ਲੈ ਸਕਦਾ, ਸਾਰੇ ਫ਼ੈਸਲੇ ਅਰਵਿੰਦ ਕੇਜਰੀਵਾਲ ਕਰ ਰਿਹਾ ਹੈ। ਪੰਜਾਬ ਦੇ ਮੁੱਖ ਅਹੁਦਿਆ ’ਤੇ ਗੈਰ-ਪੰਜਾਬੀਆਂ ਨੂੰ ਬਿਠਾਉਣ ਦੀ ਕਾਰਵਾਈ ਨੂੰ ਉਨ੍ਹਾਂ ਪੰਜਾਬੀਆਂ ਦੇ ਹੱਕਾਂ ਉੱਪਰ ਵੱਡਾ ਡਾਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਗੈਰ-ਪੰਜਾਬੀਆਂ ਨੂੰ ਸੂਬਾ ਲੁੱਟਣ ਦਾ ਲਾਇਸੈਂਸ ਦੇ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਈਨਿੰਗ ਅਤੇ ਐਕਸਾਈਜ਼ ਨੀਤੀ ਨਾ ਹੋਣ ਕਾਰਨ ਵੀ ਸੂਬਾ ਬੁਰੀ ਤਰ੍ਹਾਂ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਮੂਹ ਪੰਜਾਬੀ ਹੁਣ ਵੀ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਇਕਜੁੱਟ ਨਾ ਹੋਏ ਤਾਂ ਇਹ ਸੂਬੇ ਨੂੰ ਹੋਰ ਕੰਗਾਲ ਕਰ ਦੇਣਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਦੇ ਐਲਾਨ ਹੋਣ ਤੋਂ ਬਾਅਦ ਸਾਰੀ ਕਾਂਗਰਸ ਇਕਜੁੱਟ ਹੋ ਕੇ ਚੋਣ ਦੇ ਮੈਦਾਨ ਵਿੱਚ ਉੱਤਰ ਕੇ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਚੰਨੀ ਨੂੰ ਸੰਸਦ ਰਤਨ ਮਿਲਣ ਦੀ ਵਧਾਈ ਦਿੱਤੀ ਤੇ ਹਲਕਾ ਵਾਸੀਆਂ ਨੇ ਵੀ ਚੰਨੀ ਦਾ ਮੂੰਹ ਮਿੱਠਾ ਕਰਵਾਇਆ।

LEAVE A REPLY

Please enter your comment!
Please enter your name here