ਬਲੋਚਿਸਤਾਨ ’ਚ ਸਕੂਲ ਬੱਸ ’ਤੇ ਹਮਲਾ; ਧਮਾਕੇ ’ਚ ਚਾਰ ਬੱਚਿਆਂ ਦੀ ਮੌਤ, 38 ਜ਼ਖ਼ਮੀ
ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਬੁੱਧਵਾਰ ਸਵੇਰੇ ਸਕੂਲ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ ਜਦੋਂਕਿ 38 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਖ਼ੁਜ਼ਦਾਰ ਜ਼ਿਲ੍ਹੇ ਵਿਚ ਹੋਇਆ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਰਿਪੋਰਟ ਵਿਚ ਖ਼ੁਜ਼ਦਾਰ ਦੇ ਡਿਪਟੀ ਕਮਿਸ਼ਨਰ ਯਾਸਿਰ ਇਕਬਾਲ ਦਸ਼ਤੀ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਰੋਜ਼ਨਾਮਚੇ ਨੇ ਧਮਾਕੇ ਵਿਚ ਤਿੰਨ ਬੱਚਿਆ ਸਣੇ ਪੰਜ ਮੌਤਾਂ ਦਾ ਦਾਅਵਾ ਕੀਤਾ ਹੈ।
ਬੱਸ ਨੂੰ ਨਿਸ਼ਾਨਾ ਉਦੋਂ ਬਣਾਇਆ ਗਿਆ ਜਦੋਂ ਉਹੋ ਜ਼ੀਰੋ ਪੁਆਇੰਟ ਨੇੜੇ ਸੀ। ਧਮਾਕੇ ਵਿਚ 4 ਬੱਚਿਆਂ ਦੀ ਮੌਤ ਹੋ ਗਈ ਤੇ 38 ਹੋਰ ਜ਼ਖ਼ਮੀ ਹਨ। ਦਸ਼ਤੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਯਾਸਿਰ ਇਕਬਾਲ ਨੇ ਕਿਹਾ, ‘‘ਬੱਸ ਫੌਜੀ ਛਾਉਣੀ ਦੇ ਸਕੂਲ ਜਾ ਰਹੀ ਸੀ।’’ ਇਕਬਾਲ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਬੱਸ ਵਿਚ ਕਰੀਬ 40 ਵਿਦਿਆਰਥੀ ਸਵਾਰ ਸਨ ਜੋ ਫੌਜ ਵੱਲੋਂ ਚਲਾਏ ਜਾ ਰਹੇ ਸਕੂਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਜ਼ਖਮੀ ਹੋਏ ਹਨ।
