ਭਾਰਤ ਦੇ ਸਰਬ-ਪਾਰਟੀ ਵਫ਼ਦ ਦੌਰਿਆਂ ਲਈ ਤਿਆਰ
ਨਵੀਂ ਦਿੱਲੀ : ਸੰਧੂਰ ਅਪ੍ਰੇਸ਼ਨ ਤੋਂ ਬਾਅਦ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਦੱਸਣਯੋਗ ਹੈ ਕਿ ਹਰੇਕ ਵਫ਼ਦ ਦੀ ਅਗਵਾਈ ਇਕ ਰਾਜਨੀਤਿਕ ਪਾਰਟੀ ਦੇ ਨੇਤਾ ਵੱਲੋਂ ਕੀਤੀ ਜਾਵੇਗੀ ਅਤੇ ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਅਤੇ ਪ੍ਰਸਿੱਧ ਡਿਪਲੋਮੈਟ ਸ਼ਾਮਲ ਹੋਣਗੇ। ਇਨ੍ਹਾਂ ਵਫ਼ਦਾਂ ਵੱਲੋਂ ਭਾਰਤ ਦੀ ਕੌਮੀ ਇਕਜੁਟਤਾ, ਅਤਿਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿਰੁੱਧ ਦ੍ਰਿੜ ਰੁਖ਼ ਨੂੰ ਦਰਸਾਇਆ ਜਾਵੇਗਾ। ਇਸ ਦੇ ਨਾਲ ਹੀ ਵਫ਼ਦ ਦੁਨੀਆ ਨੂੰ ਜ਼ੀਰੋ ਟਾਲਰੈਂਸ ਦਾ ਇਕ ਮਜ਼ਬੂਤ ਸੰਦੇਸ਼ ਦੇਣਗੇ।
ਇਸੇ ਤਹਿਤ ਸੱਤ ਭਾਰਤੀ ਸਰਬ-ਪਾਰਟੀ ਵਫ਼ਦਾਂ ਦੀ ਸ਼ੁਰੂਆਤ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਹੋ ਰਹੀ ਹੈ। ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੇ ਵਫਦ ’ਚ ਸ਼ਿਵ ਸੈਨਾ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਕਾਂਗੋ, ਸੀਅਰਾ ਲਿਓਨ ਅਤੇ ਲਾਇਬੇਰੀਆ ਦਾ ਵੀ ਦੌਰਾ ਕਰੇਗਾ। ਅਗਲੇ ਚਾਰ ਦਿਨਾਂ ਵਿਚ 25 ਮਈ ਤੱਕ ਬਾਕੀ ਛੇ ਵਫ਼ਦ ਲੋਕਾਂ, ਨੀਤੀ ਨਿਰਮਾਤਾਵਾਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਦੌਰੇ ’ਤੇ ਜਾਣਗੇ।
22 ਮਈ ਨੂੰ ਜਨਤਾ ਦਲ (ਯੂ) ਦੇ ਸੰਜੇ ਕੁਮਾਰ ਝਾਅ ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਵਫ਼ਦ ਦੀ ਅਗਵਾਈ ਕਰਨਗੇ। ਉਧਰ ਡੀਐਮਕੇ ਦੀ ਕਨੀਮੋਝੀ ਕਰੁਣਾਨਿਧੀ ਦੀ ਅਗਵਾਈ ਵਿੱਚ ਇੱਕ ਹੋਰ ਵਫ਼ਦ ਰੂਸ, ਸਲੋਵੇਨੀਆ, ਗ੍ਰੀਸ, ਲਾਤਵੀਆ ਅਤੇ ਸਪੇਨ ਲਈ ਰਵਾਨਾ ਹੋਵੇਗਾ। ਭਾਜਪਾ ਦੇ ਬੈਜਯੰਤ ਪਾਂਡਾ 23 ਮਈ ਨੂੰ ਬਹਿਰੀਨ, ਕੁਵੈਤ, ਸਾਊਦੀ ਅਰਬ ਅਤੇ ਅਲਜੀਰੀਆ ਦਾ ਦੌਰਾ ਕਰਨ ਲਈ ਰਵਾਨਾ ਹੋਣਗੇ, ਜਦੋਂ ਕਿ ਐੱਨਸੀਪੀ ਨੇਤਾ ਸੁਪ੍ਰੀਆ ਸੁਲੇ 24 ਮਈ ਨੂੰ ਕਤਰ, ਦੱਖਣੀ ਅਫਰੀਕਾ, ਇਥੋਪੀਆ ਅਤੇ ਮਿਸਰ ਆਪਣੀ ਟੀਮ ਦੀ ਅਗਵਾਈ ਕਰਨਗੇ।
25 ਮਈ ਨੂੰ ਦੋ ਵਫ਼ਦ ਰਵਾਨਾ ਹੋਣਗੇ ਜਿਨ੍ਹਾਂ ਵਿਚ ਇਕ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਸੰਯੁਕਤ ਰਾਜ ਅਮਰੀਕਾ, ਬ੍ਰਾਜ਼ੀਲ, ਕੋਲੰਬੀਆ, ਗੁਆਨਾ ਅਤੇ ਪਨਾਮਾ ਜਾਵੇਗਾ। ਇਸ ਤੋਂ ਇਲਾਵਾ ਦੂਜਾ ਵਫ਼ਦ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿੱਚ ਫਰਾਂਸ, ਇਟਲੀ, ਡੈੱਨਮਾਰਕ, ਯੂਨਾਈਟਿਡ ਕਿੰਗਡਮ, ਬੈਲਜੀਅਮ ਅਤੇ ਜਰਮਨੀ ਜਾਵੇਗਾ।
ਇਹ ਦੌਰੇ 7 ਮਈ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਬਦਲੇ ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਦੇ ਸੰਦਰਭ ਵਿਚ ਹਨ। ਇਸ ਆਪਰੇਸ਼ਨ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਤਬਾਹ ਕਰ ਦਿੱਤਾ। ਵਫ਼ਦਾਂ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਮੈਂਬਰਾਂ ਸਮੇਤ ਕਈ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨ ਦਾ ਵੀ ਪ੍ਰੋਗਰਾਮ ਹੈ।
