ਵਾਸ਼ਿੰਗਟਨ ਡੀਸੀ ’ਚ ਗੋਲੀਬਾਰੀ, ਇਜ਼ਰਾਇਲੀ ਅੰਬੈਸੀ ਦੋ ਸਟਾਫ ਮੈਂਬਰ ਹਲਾਕ
ਵਾਸ਼ਿੰਗਟਨ : ਸਥਾਨਕ ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਇਲੀ ਅੰਬੈਸੀ ਦੇ ਦੋ ਸਟਾਫ਼ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਜ਼ਰਾਇਲੀ ਅੰਬੈਸੀ ਦੇ ਇਹ ਦੋਵੇਂ ਮੈਂਬਰ, ਜਿਨ੍ਹਾਂ ਵਿਚੋਂ ਇਕ ਮਹਿਲਾ ਹੈ, ਮਿਊਜ਼ੀਅਮ ਵਿਚ ਇਕ ਸਮਾਗਮ ’ਚ ਹਾਜ਼ਰੀ ਭਰਨ ਮਗਰੋਂ ਉਥੋਂ ਜਾ ਰਹੇ ਸਨ। ਦੋਸ਼ੀ ਨੇ ਗੋਲੀਆਂ ਚਲਾਉਣ ਮਗਰੋਂ ‘ਫ਼ਰੀ ਫ਼ਰੀ ਫਲਸਤੀਨ’ (ਫਲਸਤੀਨ ਨੂੰ ਆਜ਼ਾਦ ਕਰੋ) ਦੇ ਨਾਅਰੇ ਲਾਏ। ਐਲਿਸ ਨਾਮ ਦਾ ਇਹ ਵਿਅਕਤੀ ਸ਼ਿਕਾਗੋ ਦਾ ਰਹਿਣ ਵਾਲਾ ਹੈ।
ਮੈਟਰੋਪਾਲਿਟਨ ਪੁਲੀਸ ਦੇ ਮੁਖੀ ਪਾਮੇਲਾ ਸਮਿਥ ਨੇ ਕਿਹਾ ਕਿ ਮਸ਼ਕੂਕ ਨੂੰ ਗੋਲੀਬਾਰੀ ਤੋਂ ਪਹਿਲਾਂ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ। ਗੋਲੀਬਾਰੀ ਤੋਂ ਬਾਅਦ ਉਹ ਮਿਊਜ਼ੀਅਮ ਵਿੱਚ ਚਲਾ ਗਿਆ, ਜਿੱਥੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਇਹ ਭਿਆਨਕ ਹੱਤਿਆਵਾਂ, ਜੋ ਸਪਸ਼ਟ ਰੂਪ ਵਿਚ ਯਹੂਦੀ ਵਿਰੋਧੀ ਭਾਵਨਾਵਾਂ ’ਤੇ ਅਧਾਰਿਤ ਹਨ, ਹੁਣ ਖ਼ਤਮ ਹੋਣੀਆਂ ਚਾਹੀਦੀਆਂ ਹਨ। ਨਫ਼ਰਤ ਤੇ ਕੱਟੜਵਾਦ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ। ਪੀੜਤਾਂ ਦੇ ਪਰਿਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ। ਬਹੁਤ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ! ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ!’’
