> ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਨੂੰ ਕਾਂਗਰਸ ਨੇ ‘ਅਣਐਲਾਨੀ ਐਮਰਜੈਂਸੀ’ ਕਰਾਰ ਦਿੱਤਾ
ਨਵੀਂ ਦਿੱਲੀ : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਨਾਲ ਕਾਂਗਰਸ ਨੇ ਦੋਸ਼ ਲਗਾਇਆ ਕਿ ‘ਅਣਐਲਾਨੀ ਐਮਰਜੈਂਸੀ’ 11 ਸਾਲ ਦੀ ਹੋ ਗਈ ਹੈ ਅਤੇ ‘ਅੱਛੇ ਦਿਨਾਂ’ ਦਾ ਵਾਅਦਾ ਹਕੀਕਤ ਵਿੱਚ ਇੱਕ ਭੈੜਾ ਸੁਪਨਾ ਸਾਬਤ ਹੋਇਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ਵਿੱਚ 140 ਕਰੋੜ ਲੋਕਾਂ ਦਾ ਹਰ ਵਰਗ ਪ੍ਰੇਸ਼ਾਨ ਰਿਹਾ ਹੈ।
ਉਨ੍ਹਾਂ ਆਪਣੀ ਪੋਸਟ ਵਿਚ ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ ਦੀ ਆਮਦਨੀ, ਔਰਤਾਂ ਅਤੇ ਕਮਜ਼ੋਰ ਵਰਗ ਦਾ ਮੁੱਦਾ ਚੁੱਕਿਆ। ਆਰਥਿਕਤਾ ਬਾਰੇ ਖੜਗੇ ਨੇ ਦਾਅਵਾ ਕੀਤਾ ਕਿ ਮਹਿੰਗਾਈ ਆਪਣੇ ਸਿਖਰ ’ਤੇ ਹੈ ਅਤੇ ਬੇਰੁਜ਼ਗਾਰੀ ਦਾ ਹੜ੍ਹ ਆਇਆ ਹੋਇਆ ਹੈ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਖਪਤ ਠੱਪ ਹੈ, ਮੇਕ ਇਨ ਇੰਡੀਆ ਫਲੌਪ ਹੋ ਗਿਆ ਹੈ ਅਤੇ ਅਸਮਾਨਤਾ ਵੀ ਆਪਣੇ ਸਿਖਰ ‘ਤੇ ਹੈ। ‘‘ਵਿਸ਼ਵਗੁਰੂ’ ਬਣਨ ਦਾ ਵਾਅਦਾ ਸੀ, ਹਰ ਦੇਸ਼ ਨਾਲ ਸਬੰਧ ਵਿਗੜ ਗਏ। ਆਰਐਸਐਸ ਹਰ ਥੰਮ੍ਹ ’ਤੇ ਹਮਲਾ ਕਰਦਾ ਹੈ, ਈਡੀ/ਸੀਬੀਆਈ ਦੀ ਦੁਰਵਰਤੋਂ, ਸੰਸਥਾਵਾਂ ਦੀ ਖੁਦਮੁਖਤਿਆਰੀ ਬਰਬਾਦ ਹੋ ਗਈ।’ ਉਨ੍ਹਾਂ ਐਕਸ ’ਤੇ ਸਾਂਝੀ ਇਕ ਪੋਸਟ ਵਿਚ ਕਿਹਾ, ‘‘26 ਮਈ 2014 ਤੋਂ 11 ਸਾਲਾਂ ਵਿੱਚ ਵੱਡੇ ਵਾਅਦਿਆਂ ਨੂੰ ਸਿਰਫ਼ ਦਾਅਵਿਆਂ ਵਿੱਚ ਬਦਲ ਕੇ ਮੋਦੀ ਸਰਕਾਰ ਨੇ ਦੇਸ਼ ਨੂੰ ਇਸ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਕਿ ਅੱਛੇ ਦਿਨਾਂ ਦਾ ਵਾਅਦਾ ਹੁਣ ਇੱਕ ਭੈੜਾ ਸੁਪਨਾ ਸਾਬਤ ਹੋ ਗਿਆ ਹੈ।’’