ਅਤਿਵਾਦ ਦਾ ਭਾਰਤ ਉਸੇ ਮੁਤਾਬਕ ਜਵਾਬ ਦੇਵੇਗਾ: ਮੋਦੀ
ਗਾਂਧੀਨਗਰ : ਗੁਜਰਾਤ ਸਰਕਾਰ ਦੇ ਸ਼ਹਿਰੀ ਵਿਕਾਸ ਪ੍ਰੋਗਰਾਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਅਤਿਵਾਦ ਕੋਈ ਲੁਕਵੀਂ ਜੰਗ ਨਹੀਂ ਹੈ, ਬਲਕਿ ਯੋਜਨਾਬੱਧ ਜੰਗੀ ਰਣਨੀਤੀ ਹੈ ਅਤੇ ਭਾਰਤ ਉਸੇ ਮੁਤਾਬਕ ਜਵਾਬ ਦੇਵੇਗਾ, ਕਿਉਂਕਿ ਪਾਕਿਸਤਾਨ ਅਤਿਵਾਦ ਜ਼ਰੀਏ ਜੰਗ ਲੜ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਇਸ ਨੂੰ ਲੁਕਵੀਂ ਜੰਗ ਨਹੀਂ ਕਹਿ ਸਕਦੇ ਕਿਉਂਕਿ 6 ਮਈ ਦੀ ਰਾਤ ਨੂੰ (ਭਾਰਤ ਵੱਲੋਂ ਪਾਕਿਸਤਾਨ ਦੇ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਹਮਲੇ ਵਿਚ) ਮਾਰੇ ਗਏ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਵਿਚ ਰਾਜਕੀ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਤਾਬੂਤ ਪਾਕਿਸਤਾਨੀ ਝੰਡਿਆਂ ਵਿਚ ਲਿਪਟੇ ਹੋਏ ਸਨ ਤੇ ਉਨ੍ਹਾਂ ਦੀ ਫੌਜ ਨੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ। ਉਨ੍ਹਾਂ ਕਿਹਾ, ‘‘ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਦਹਿਸ਼ਤੀ ਸਰਗਰਮੀਆਂ ਮਹਿਜ਼ ਲੁਕਵੀਂ ਜੰਗ ਨਹੀਂ ਬਲਕਿ ਉਨ੍ਹਾਂ ਦੀ ਯੋਜਨਾਬੱਧ ਜੰਗੀ ਰਣਨੀਤੀ ਦਾ ਹਿੱਸਾ ਹੈ। ਜੇਕਰ ਉਹ ਜੰਗ ਦੇ ਰਾਹ ਪੈਂਦੇ ਹਨ ਤਾਂ ਉਸੇ ਮੁਤਾਬਕ ਜਵਾਬ ਦਿੱਤਾ ਜਾਵੇਗਾ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਭਾਰਤ ਤੇ ਪਾਕਿਸਤਾਨ ਵਿਚ ਜੰਗ ਹੋਈ, ਭਾਰਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਨੂੰ ਇਸ ਤਰ੍ਹਾਂ ਹਰਾਇਆ ਜਿਸ ਨੂੰ ਗੁਆਂਢੀ ਦੇਸ਼ ਕਦੇ ਨਹੀਂ ਭੁੱਲੇਗਾ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਸ਼ਾਇਦ ਅਹਿਸਾਸ ਹੋ ਗਿਆ ਹੈ ਕਿ ਉਹ ਭਾਰਤ ਵਿਰੁੱਧ ਕਦੇ ਵੀ ਸਿੱਧੀ ਜੰਗ ਨਹੀਂ ਜਿੱਤ ਸਕਦੇ, ਇਸੇ ਕਰਕੇ ਉਹ ਲੁਕਵੀਂ ਜੰਗ ਵੱਲ ਮੁੜੇ ਤੇ ਅਤਿਵਾਦੀਆਂ ਨੂੰ ਫੌਜੀ ਸਿਖਲਾਈ ਅਤੇ ਸਹਾਇਤਾ ਪ੍ਰਦਾਨ ਕੀਤੀ।’’
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਮੁਜਾਹੀਦੀਨ ਦੇ ਨਾਮ ’ਤੇ ਅਤਿਵਾਦੀਆਂ ਦੀ ਮਦਦ ਨਾਲ ਭਾਰਤ ਮਾਤਾ ਦੇ ਇੱਕ ਹਿੱਸੇ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ, ‘‘ਜੇਕਰ ਉਸ ਦਿਨ ਇਨ੍ਹਾਂ ਮੁਜਾਹੀਦੀਨਾਂ ਨੂੰ ਮਾਰ ਦਿੱਤਾ ਜਾਂਦਾ ਅਤੇ ਸਰਦਾਰ ਪਟੇਲ ਦੀ ਸਲਾਹ ਮੰਨ ਲਈ ਜਾਂਦੀ, ਤਾਂ ਪਿਛਲੇ 75 ਸਾਲਾਂ ਤੋਂ ਚੱਲ ਰਹੀ ਇਹ (ਦਹਿਸ਼ਤੀ ਹਮਲਿਆਂ ਦੀ) ਲੜੀ ਨਾ ਦੇਖਣੀ ਪੈਂਦੀ।’’
ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਲਈ ਆਪਣੀ ਰਣਨੀਤੀ ਵਿੱਚ ਸਖਤੀ ਨਾਲ ਪੇਸ਼ ਆਉਣ ਦੇ ਰੌਂਅ ਵਿੱਚ ਹੈ।