ਇੰਗਲੈਂਡ ’ਚ ਪਰੇਡ ਦੌਰਾਨ ਕਾਰ ਨੇ 50 ਵਿਅਕਤੀਆਂ ਨੂੰ ਕੀਤਾ ਜ਼ਖਮੀ
ਲੋਕਾਂ ਨੇ ਸਮਝਿਆ ਅਤਿਵਾਦੀ ਹਮਲਾ, ਪਰ ਪੁਲਿਸ ਵੱਲੋਂ ਇਨਕਾਰ
ਇੰਗਲੈਂਡ : ਇੰਗਲੈਂਡ ਦੇ ਸ਼ਹਿਰ ਲਿਵਰਪੂਲ ’ਚ ਪ੍ਰੀਮੀਅਰ ਲੀਗ ਫੁਟਬਾਲ ਦੀ ਖਿਤਾਬੀ ਜਿੱਤ ਦੇ ਜਸ਼ਨ ਲਈ ਪ੍ਰਸ਼ੰਸਕਾਂ ਵੱਲੋਂ ਰੱਖੀ ‘ਵਿਕਟਰੀ ਪਰੇਡ’ ਵਿਚ ਬੇਕਾਬੂ ਕਾਰ ਨੇ 50 ਦੇ ਕਰੀਬ ਲੋਕ ਨੂੰ ਜ਼ਖਮੀ ਕਰ ਦਿੱਤਾ। ਪਰੇਡ ਵਿੱਚ ਲੋਕਾਂ ਨੇ ਸਮਝਿਆ ਕਿ ਅਤਿਵਾਦੀ ਹਮਲਾ ਹੋਇਆ ਹੈ। ਕਾਰ ਦੀ ਰਫਤਾਰ ਬਹੁਤ ਤੇਜ ਦੱਸੀ ਜਾ ਰਹੀ ਹੈ। 27 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਲਿਵਰਪੂਲ ਦਾ ਹੀ ਨਿਵਾਸੀ ਹੈ। ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿਚ ਕਾਰ ਭਿਆਨਕ ਤਰੀਕੇ ਨਾਲ ਲੋਕਾਂ ਨਾਲ ਟਕਰਾ ਰਹੀ ਹੈ। ਜਦੋਂ ਕਾਰ ਰੁਕੀ ਤਾਂ ਗੁੱਸੇ ਵਿੱਚ ਆਏ ਇਕੱਠ ਨੇ ਖਿੜਕੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਡਰਾਈਵਰ ਤੱਕ ਪਹੁੰਚਣ ਤੋਂ ਰੋਕ ਦਿੱਤਾ। ਪੁਲੀਸ ਨੇ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਇਹ ਘਟਨਾ ਅਤਿਵਾਦ ਨਾਲ ਸਬੰਧਤ ਨਹੀਂ ਹੈ।
