ਕੇਂਦਰ ਵੱਲੋਂ ਅਮਰਨਾਥ ਯਾਤਰਾ ਲਈ ਵਿਸ਼ੇਸ ਸੁਰੱਖਿਆ ਪ੍ਰਬੰਧ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 580 ਕੰਪਨੀਆਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਵਿੱਚ ਲਗਭਗ 42,000 ਜ਼ਮੀਨੀ ਕਰਮਚਾਰੀ ਸ਼ਾਮਲ ਹਨ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦਿੱਤੀ ਹੈ।
ਇਸ ਫ਼ੈਸਲੇ ਤਹਿਤ ਜਿਥੇ 424 ਕੰਪਨੀਆਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਜੰਮੂ-ਕਸ਼ਮੀਰ ਭੇਜਿਆ ਜਾ ਰਿਹਾ ਹੈ, ਉਥੇ ਬਾਕੀ ਕੰਪਨੀਆਂ ਪਹਿਲਾਂ ਹੀ ਜੰਮੂ-ਕਸ਼ਮੀਰ ਵਿਚ ਤਾਇਨਾਤ ਹਨ। ਇਨ੍ਹਾਂ ਪਹਿਲਾਂ ਤਾਇਨਾਤ ਕੰਪਨੀਆਂ ਵਿਚ ਕਰੀਬ 80 ਉਹ ਕੰਪਨੀਆਂ ਵੀ ਹਨ, ਜਿਨ੍ਹਾਂ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਉਥੇ ਭੇਜਿਆ ਗਿਆ ਸੀ ਅਤੇ ਹੁਣ ਇਨ੍ਹਾਂ ਦੀ ਯਾਤਰਾ ਰੂਟ ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸ੍ਰੀਨਗਰ ਸਮੇਤ ਹੋਰ ਖੇਤਰਾਂ ਵਿਚ ‘ਮੁੜ-ਤਾਇਨਾਤੀ’ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਬਲ “ਤੁਰੰਤ”ਰਵਾਨਾ ਹੋ ਜਾਣ ਅਤੇ ਜੂਨ ਦੇ ਦੂਜੇ ਹਫ਼ਤੇ ਤੱਕ ਜੰਮੂ ਅਤੇ ਕਸ਼ਮੀਰ ਵਿੱਚ ਸਥਿਤੀ ਸੰਭਾਲ ਲੈਣ।
ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਨੂੰ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ 22 ਅਪਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਪੈਦਾ ਹੋਈਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਲਈ ਸੁਰੱਖਿਆ ਤਾਇਨਾਤੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਪਹਿਲਗਾਮ ਹਮਲੇ ਵਿੱਚ 26 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ। ਇੱਕ ਸੀਨੀਅਰ ਅਧਿਕਾਰੀ ਅਨੁਸਾਰ “ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਵਾਰ ਅਮਰਨਾਥ ਯਾਤਰਾ ਲਈ ਲਗਭਗ 580 ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਯੂਟੀ ਵਿੱਚ ਪਹਿਲਾਂ ਤੋਂ ਮੌਜੂਦ ਲਗਭਗ 150-160 ਯੂਨਿਟਾਂ ਵੀ ਸ਼ਾਮਲ ਹਨ।’’
