ਭਾਰਤ ਵਿੱਚ 2,710 ਕਰੋਨਾ ਕੇਸ ਐਕਟਿਵ

ਭਾਰਤ ਵਿੱਚ 2,710 ਕਰੋਨਾ ਕੇਸ ਐਕਟਿਵ
1,170 ਨੂੰ ਮਿਲੀ ਛੁੱਟੀ, 7 ਮੌਤਾਂ ਦੀ ਖ਼ਬਰ
ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2,710 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 1,170 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸੂਬਿਆਂ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਕੁੱਲ ਸੱਤ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸੀ।
ਸਿਹਤ ਮੰਤਰਾਲੇ ਦੇ ਅਨੁਸਾਰ ਦਿੱਲੀ, ਗੁਜਰਾਤ, ਕਰਨਾਟਕ, ਪੰਜਾਬ, ਤਾਮਿਲਨਾਡੂ ਸੂਬਿਆਂ ਵਿੱਚ ਇੱਕ-ਇੱਕ ਅਤੇ ਮਹਾਰਾਸ਼ਟਰ ਵਿਚ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੇਰਲ 1,147 ਸਰਗਰਮ ਮਾਮਲਿਆਂ ਨਾਲ ਮੋਹਰੀ ਹੈ।
ਇਸ ਤੋਂ ਪਹਿਲਾਂ ਕੇਂਦਰੀ ਸਿਹਤ ਅਤੇ ਆਯੂਸ਼ ਰਾਜ ਮੰਤਰੀ (ਆਜ਼ਾਦ ਚਾਰਜ) ਪ੍ਰਤਾਪਰਾਓ ਜਾਧਵ ਨੇ ਭਰੋਸਾ ਦਿੱਤਾ ਕਿ ਕੇਂਦਰ ਕਿਸੇ ਵੀ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਦਿੱਲੀ ਵਿੱਚ ਕਰੋਨਾ ਦੇ ਤਾਜ਼ਾ ਵਾਧੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ ਦੀਆਂ ਪੇਚੀਦਗੀਆਂ ਦੌਰਾਨ ਮੌਤ ਹੋ ਗਈ। ਉਸ ਮਰੀਜ਼ ਨੂੰ ਕਰੋਨਾ ਹੋਣ ਬਾਰੇ ਹਸਪਤਾਲ ਵਿੱਚ ਦਾਖਲ ਹੋਣ ਦੌਰਾਨ ਅਚਾਨਕ ਪਤਾ ਲੱਗਿਆ। ਦਿੱਲੀ ਅੰਦਰ ਕਰੋਨਾ ਦੇ ਮਰੀਜ਼ਾਂ ਵਿੱਚ ਵਾਧਾ ਅਤੇ ਮੌਤ ਹੋਣਾ ਚਿੰਤਾਜਨਕ ਸੰਕੇਤ ਹੈ।
ਦਿੱਲੀ ਵਿੱਚ ਮਰਨ ਵਾਲੀ ਔਰਤ ਨੂੰ ਪੇਟ ਵਿੱਚ ਤੇਜ਼ ਦਰਦ ਅਤੇ ਉਲਟੀਆਂ ਹੋਣ ਕਾਰਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਬਾਅਦ ਵਿਚ ਉਸ ਨੂੰ ਅੰਤੜੀਆਂ ਵਿੱਚ ਸਮੱਸਿਆ ਹੋਣ ਬਾਰੇ ਪਤਾ ਲੱਗਿਆ। ਹਾਲਾਂਕਿ ਐਮਰਜੈਂਸੀ ਸਰਜਰੀ ਤੋਂ ਬਾਅਦ ਉਸ ਦਾ ਨਿਯਮਤ ਪੋਸਟ-ਆਪਰੇਟਿਵ ਦੇਖਭਾਲ ਤਹਿਤ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਪੋਜ਼ੀਟਿਵ ਪਾਈ ਗਈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 56 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 294 ਹੋ ਗਈ। ਰਾਜਧਾਨੀ ਦੇ ਸਿਹਤ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਜ਼ਿਆਦਾਤਰ ਨਵੇਂ ਕੇਸ ਹਨ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ, ‘ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਹਨ, ਅਸੀਂ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਸਥਿਤੀ ਕਾਬੂ ਵਿੱਚ ਹੈ।’’