ਭਾਰਤ-ਪਕਿ ਪਰਮਾਣੂ ਟਕਰਾਅ ਰੋਕਣ ’ਤੇ ਮਾਣ: ਟਰੰਪ
ਵਾਸ਼ਿੰਗਟਨ: ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਟਕਰਾਅ ਨਹੀਂ ਰੋਕਦੇ ਤਾਂ ਅਮਰੀਕਾ ਦੋਵਾਂ ਦੇਸ਼ਾਂ ਨਾਲ ਵਪਾਰ ਬੰਦ ਕਰ ਦੇਵੇਗਾ। ਗੋਲੀਬਾਰੀ ਦੀ ਬਜਾਏ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਪਰਮਾਣੂ ਜੰਗ ਨੂੰ ਰੋਕਣ ਬਾਰੇ ਸਮਝੌਤੇ ’ਤੇ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਹੈ। ਭਾਵੇਂ ਕਿ ਭਾਰਤ ਨੇ ਵਾਸ਼ਿੰਗਟਨ ਦੇ ਵਾਰ-ਵਾਰ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਅਸਲ ਵਿੱਚ ਰੱਦ ਕਰ ਦਿੱਤਾ, ਕਿ ਵਪਾਰ ਬਾਰੇ ਪੇਸ਼ਕਸ਼ ਨੇ ਟਕਰਾਅ ਨੂੰ ਰੋਕਿਆ ਹੈ।
ਟਰੰਪ ਨੇ ਮੁੜ ਦੁਹਰਾਇਆ ਹੈ, “ਮੈਨੂੰ ਲੱਗਦਾ ਹੈ ਕਿ ਜਿਸ ਸਮਝੌਤੇ ’ਤੇ ਮੈਨੂੰ ਸਭ ਤੋਂ ਵੱਧ ਮਾਣ ਹੈ, ਉਹ ਇਹ ਹੈ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਨਾਲ ਡੀਲ ਕਰ ਰਹੇ ਰਹੇ ਹਾਂ ਅਤੇ ਅਸੀਂ ਵਪਾਰ ਰਾਹੀਂ ਸੰਭਾਵੀ ਤੌਰ ’ਤੇ ਪਰਮਾਣੂ ਯੁੱਧ ਨੂੰ ਰੋਕਣ ਦੇ ਯੋਗ ਹੋਏ ਹਾਂ।’’
ਉਧਰ ਟਰੰਪ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਦੋਂ ਜਵਾਬ ਦੇਣਗੇ। ਐਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਰੰਪ ਦੀ ਇੱਕ ਵੀਡੀਓ ਕਲਿੱਪ ਨੂੰ ਟੈਗ ਕਰਕੇ ਕਿਹਾ ਕਿ ਇਹ 21 ਦਿਨਾਂ ਵਿੱਚ 11ਵੀਂ ਵਾਰ ਹੈ ਜਦੋਂ ਮੋਦੀ ਦੇ ਮਹਾਨ ਦੋਸਤ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਗੁਆਂਢੀਆਂ ਵਿਚਕਾਰ ਜੰਗਬੰਦੀ ਵਿੱਚ ਉਨ੍ਹਾਂ ਦੀ ਭੂਮਿਕਾ ਸੀ। ਉਨ੍ਹਾਂ ਪੁੱਛਿਆ, ‘‘ਪ੍ਰਧਾਨ ਮੰਤਰੀ ਕਦੋਂ ਬੋਲਣਗੇ?’’।