ਪਤੀ ਲਈ ਜੇਲ੍ਹ ’ਚ ਨਸ਼ਾ ਲਿਆਉਣ ਵਾਲੀ ਮਹਿਲਾ ਕਾਬੂ
ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਇੱਕ ਕੈਦੀ ਦੀ ਪਤਨੀ ਨੂੰ ਨਸ਼ੀਲਾ ਪਦਾਰਥ ਲਿਜਾਣ ਦੀ ਕੋਸ਼ਿਸ਼ ਕਰਦਿਆਂ ਜੇਲ੍ਹ ਅਮਲੇ ਨੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਾਕਾਤ ਲਈ ਆਈ ਜਸਵੀਰ ਕੌਰ ਨਾਂ ਦੀ ਔਰਤ ਕੋਲੋਂ 40 ਨਸ਼ੀਲੇ ਕੈਪਸੂਲ, 51 ਗ੍ਰਾਮ ਚਿੱਟਾ ਪਾਊਡਰ ਅਤੇ 93 ਗ੍ਰਾਮ ਤਬਾਕੂ ਬਰਾਮਦ ਕੀਤਾ ਗਿਆ ਹੈ। ਇਹ ਸਮਾਨ 12 ਛੋਟੀਆਂ ਪਲਾਸਟਿਕ ਦੀਆਂ ਪਾਈਪਾਂ ਵਿੱਚ ਬੜੀ ਚਾਲਾਕੀ ਨਾਲ ਛੁਪਾਇਆ ਗਿਆ ਸੀ। ਜਸਵੀਰ ਕੌਰ ਦਾ ਪਤੀ ਬਲਜੀਤ ਸਿੰਘ ਵਾਸੀ ਚੰਦ ਭਾਨ (ਬਠਿੰਡਾ), ਇਸ ਵੇਲੇ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਪੁਲੀਸ ਅਨੁਸਾਰ ਨਸ਼ਾ ਲਿਜਾਣ ਦੀ ਯੋਜਨਾ ਵੀ ਉਸੇ ਦੇ ਇਸ਼ਾਰੇ ਤੇ ਬਣਾਈ ਗਈ ਸੀ। ਸਹਾਇਕ ਜੇਲ ਸੁਪਰਡੈਂਟ ਕਰਮਜੀਤ ਸਿੰਘ ਦੀ ਅਗਵਾਈ ’ਚ ਹੋਈ ਸੁਰੱਖਿਆ ਜਾਂਚ ਦੌਰਾਨ ਇਹ ਸਾਰੀ ਘਟਨਾ ਸਾਹਮਣੇ ਆਈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਨੇ ਜਸਵੀਰ ਕੌਰ ਨੂੰ ਬਠਿੰਡਾ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਦੋਹਾਂ ਪਤੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
