ਭਾਰੀ ਬਰਫ਼ਬਾਰੀ ਦੇ ਬਾਵਜੂਦ ਹੁੰਮਕੁੰਟ ਪੁੱਜ ਰਹੇ ਸ਼ਰਧਾਲੂ
ਅੰਮ੍ਰਿਤਸਰ : ਉੱਤਰਾਖੰਡ ਵਿੱਚ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਲਗਾਤਾਰ ਬਰਫਬਾਰੀ ਦੇ ਬਾਵਜੂਦ ਸੰਗਤਾਂ ਵਿੱਚ ਸਲਾਨਾ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਹੈ। ਪਿਛਲੇ 8 ਦਿਨਾਂ ਦੌਰਾਨ ਲਗਭਗ 30 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ ਲਗਭਗ 3-4 ਦਿਨਾਂ ਤੋਂ ਰੁਕ ਰੁਕ ਕੇ ਬਰਫਾਰੀ ਜਾਰੀ ਹੈ, ਜਿਸ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਚਿੱਟੀ ਚਾਦਰ ਵਿਛ ਗਈ ਹੈ । ਉਨ੍ਹਾਂ ਕਿਹਾ ਕਿ ਮੌਸਮ ਭਾਵੇਂ ਖਰਾਬ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਸੰਗਤਾ ਦਰਸ਼ਨਾਂ ਲਈ ਪੁੱਜ ਰਹੀਆਂ ਹਨ। ਗ਼ੌਰਤਲਬ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲੇ ਗਏ ਸਨ ਅਤੇ ਅੱਜ ਚਾਰ ਜੂਨ ਤੱਕ ਪਿਛਲੇ ਸਾਲ ਨਾਲੋਂ ਰਿਕਾਰਡ ਤੋੜ ਗਿਣਤੀ ਸ਼ਰਧਾਲੂਆਂ ਦਰਸ਼ਨ ਕੀਤੇ ਜਾ ਚੁੱਕੇ ਹਨ।
ਨਰਿੰਦਰਜੀਤ ਸਿੰਘ ਬਿੰਦਰਾ ਨੇ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਗੋਬਿੰਦ ਘਾਟ ਵਿਖੇ ਸਥਾਈ ਪੁੱਲ ਦਾ ਨਿਰਮਾਣ ਜਰੂਰੀ ਹੈ। ਇਸ ਬਾਰੇ ਮੁੱਖ ਮੰਤਰੀ ਪੁਸ਼ਕਰ ਧਾਮੀ ਵੱਲੋਂ ਵੀ ਘੋਸ਼ਣਾ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਸਥਾਈ ਪੁੱਲ ਦਾ ਨਿਰਮਾਣ ਹੁੰਦਾ ਹੈ ਤਾਂ ਇਸ ਨਾਲ ਯਾਤਰਾ ਹੋਰ ਵੀ ਸੁਰੱਖਿਅਤ ਅਤੇ ਸੁਖਾਲੀ ਬਣ ਜਾਵੇਗੀ।
