ਸੀਜੀਐੱਸਟੀ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਨਵੀਂ ਦਿੱਲੀ : ਸੀਬੀਆਈ ਨੇ ਉੱਤਰ ਪ੍ਰਦੇਸ਼ ਵਿੱਚ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀਜੀਐੱਸਟੀ) ਦੇ ਸੁਪਰਡੈਂਟ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਹ ਇੱਕ ਨਿੱਜੀ ਕੰਪਨੀ ’ਤੇ ਜੁਰਮਾਨਾ ਮੁਆਫ ਕਰਨ ਲਈ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਰਿਸ਼ਵਤ ਲੈ ਰਹੇ ਸਨ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਦੂਜਾ ਵਿਅਕਤੀ ਇੱਕ ਟੈਕਸ ਵਕੀਲ ਹੈ ਜੋ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਿਹਾ ਸੀ। ਸੀਜੀਐੱਸਟੀ ਸੁਪਰਡੈਂਟ ਨਿਸ਼ਾਨ ਸਿੰਘ ਮੱਲੀ ਨੇ ਕਥਿਤ ਤੌਰ ’ਤੇ ਇੱਕ ਕਾਰੋਬਾਰੀ ਨੂੰ ਜੀਐੱਸਟੀ ਰਿਟਰਨ ਫਾਈਲ ਨਾ ਕਰਨ ’ਤੇ ਜੁਰਮਾਨਾ ਨੋਟਿਸ ਜਾਰੀ ਕੀਤਾ ਸੀ। ਮੱਲੀ ਨੇ ਟੈਕਸ ਵਕੀਲ ਅਮਿਤ ਖੰਡੇਲਵਾਲ ਨਾਲ ਮਿਲ ਕੇ ਕਾਰੋਬਾਰੀ ਤੋਂ ਉਸ ਦੀ ਕੰਪਨੀ ’ਤੇ ਜੁਰਮਾਨਾ ਮੁਆਫ ਕਰਨ ਲਈ 4 ਲੱਖ ਰੁਪਏ ਦੀ ਮੰਗ ਕੀਤੀ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰੋਬਾਰੀ ਨੇ ਰਿਸ਼ਵਤ ਦੇਣ ਦੀ ਇੱਛਾ ਨਾ ਹੋਣ ਦੀ ਸ਼ਿਕਾਇਤ ਦੇ ਨਾਲ ਸੀਬੀਆਈ ਕੋਲ ਪਹੁੰਚ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਜੰਸੀ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਸੁਪਰਡੈਂਟ ਅਤੇ ਵਕੀਲ ਨੂੰ ਰਿਸ਼ਵਤ ਵਜੋਂ ਮੰਗੇ ਗਏ ਕੁੱਲ 4 ਲੱਖ ਰੁਪਏ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
