ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹੋਇਆ ਕਰੈਸ਼

ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹੋਇਆ ਕਰੈਸ਼

0
51

ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹੋਇਆ ਕਰੈਸ਼

ਜਹਾਜ਼ ਵਿਚ ਸਟਾਫ ਸਣੇ 242 ਯਾਤਰੀ ਸਵਾਰ ਸਨ

ਅਹਿਮਦਾਬਾਦ : ਅਹਿਮਦਾਬਾਦ ਵਿਖੇ ਬਹੁਤ ਹੀ ਮਾੜੀ ਘਟਨਾ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਥਾਨਕ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ਵਿਚ ਦੁਪਹਿਰੇ ਡੇਢ ਵਜੇ ਪੁਲੀਸ ਕੰਟਰੋਲ ਰੂਮ ਮੁਤਾਬਕ ਏਅਰ ਇੰਡੀਆ ਦੀ ਉਡਾਣ ਏਆਈ 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਹਨ।

ਜਾਣਕਾਰੀ ਮੁਤਾਬਕ ਜਹਾਜ਼ ਅਹਿਮਦਾਬਾਦ ਸਥਿਤ ਬੀਜੇ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਰਿਹਾਇਸ਼ੀ ਕੁਆਰਟਰਾਂ ਵਾਲੀ ਇਮਾਰਤ ਦੇ ਉਤੇ ਤੇ ਹਾਦਸਾਗ੍ਰਸਤ ਹੋਇਆ ਹੈ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ।

ਹਾਦਸਾਗ੍ਰਸਤ ਜਹਾਜ਼ ਇੱਕ ਬੋਇੰਗ 787-8 ਡ੍ਰੀਮਲਾਈਨਰ ਹੈ। ਗੁਜਰਾਤ ਭਾਜਪਾ ਮੁਤਾਬਕ ਜਹਾਜ਼ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸਵਾਰ ਸਨ। ਹਾਦਸੇ ਦਾ ਪਤਾ ਲੱਗਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਹਿਮਦਾਬਾਦ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਮਗਰੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਹਾਦਸਾਗ੍ਰਸਤ ਉਡਾਣ ਵਿਚ 169 ਭਾਰਤੀ, 53 ਬ੍ਰਿਟਿਸ਼ ਨਾਗਰਿਕ, ਇਕ ਕੈਨੇਡੀਅਨ ਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚ 217 ਬਾਲਗ ਤੇ 11 ਬੱਚੇ ਸ਼ਾਮਲ ਹਨ। ਹਾਦਸੇ ਦੇ ਮ੍ਰਿਤਕਾਂ ਜਾਂ ਜ਼ਖਮੀਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਖਮੀਆਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨੇੜਲੇ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਜਹਾਜ਼ ਦੀ ਕਮਾਂਡ ਜਹਾਜ਼ ਕੈਪਟਨ ਸੁਮੀਤ ਸੱਭਰਵਾਲ ਕੋਲ ਸੀ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ। ਜ਼ਖਮੀਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

LEAVE A REPLY

Please enter your comment!
Please enter your name here