ਕਮਲ ਭਾਬੀ ਦੇ ਕਾਤਲਾਂ ਖਿਲਾਫ਼ ਫੌਰੀ ਕਾਰਵਾਈ ਹੋਵੇ: ਮੀਕਾ

ਕਮਲ ਭਾਬੀ ਦੇ ਕਾਤਲਾਂ ਖਿਲਾਫ਼ ਫੌਰੀ ਕਾਰਵਾਈ ਹੋਵੇ: ਮੀਕਾ

0
130

ਕਮਲ ਭਾਬੀ ਦੇ ਕਾਤਲਾਂ ਖਿਲਾਫ਼ ਫੌਰੀ ਕਾਰਵਾਈ ਹੋਵੇ: ਮੀਕਾ

ਲੁਧਿਆਣਾ : ਬੌਲੀਵੁੱਡ ਗਾਇਕ ਮੀਕਾ ਸਿੰਘ ਨੇ ਸੋਸ਼ਲ ਮੀਡੀਆ ’ਤੇ ਮਸ਼ਹੂਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਨੂੰ ਲੈ ਕੇ ਵੱਡਾ ਫ਼ਿਕਰ ਜਤਾਇਆ ਹੈ। ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਦਾ ਕੁਝ ਨਿਹੰਗਾਂ ਨੇ ਕਥਿਤ ਕਤਲ ਕਰ ਦਿੱਤਾ ਸੀ। ਉਸ ਦੀ ਲਾਸ਼ ਬੁੱਧਵਾਰ ਰਾਤ ਨੂੰ ਬਠਿੰਡਾ ਚੰਡੀਗੜ੍ਹ ਹਾਈਵੇ ’ਤੇ ਭੁੱਚੋਂ ਕਲਾਂ ਵਿਚ ਆਦੇਸ਼ ਹਸਪਤਾਲ ਦੇ ਬਾਹਰ ਪਾਰਕ ਕੀਤੀ ਕਾਰ ’ਚੋਂ ਮਿਲੀ ਸੀ।

ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਕ ਵੀਡੀਓ ਵਿਚ ਇਸ ਕਤਲ ਦੀ ਕਥਿਤ ਜ਼ਿੰਮੇਵਾਰੀ ਲਈ ਸੀ। ਮਹਿਰੋਂ ਨੇ ਦਾਅਵਾ ਕੀਤਾ ਸੀ ਕਿ ਬੀਤੇ ਵਿਚ ਵਾਰ ਵਾਰ ਸਮਝਾਉਣ ਦੇ ਬਾਵਜੂਦ ਕਮਲ ਕੌਰ ਭਾਬੀ ਸੋਸ਼ਲ ਮੀਡੀਆ ’ਤੇ ‘ਅਸ਼ਲੀਲ’ ਵਿਸ਼ਾ ਵਸਤੂ ਪਾ ਰਹੀ ਸੀ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਫੁੱਟਿਆ ਹੈ।

ਗਾਇਕ ਮੀਕਾ ਸਿੰਘ ਨੇ ਇਕ ਵੀਡੀਓ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੀਕਾ ਨੇ ਕਿਹਾ ਕਿ ਅਜਿਹੇ ਕਾਰੇ ਸਿੱਖ ਭਾਈਚਾਰੇ ਲਈ ਸ਼ਰਮ ਦੀ ਗੱਲ ਹਨ। ਗਾਇਕ ਨੇ ਕਿਹਾ, ‘‘ਸਾਡੇ ਭਾਈਚਾਰੇ ਦੀ ਪਛਾਣ ਕੁਝ ਹੋਰ ਹੈ। ਅਸੀਂ ਲੋੜਵੰਦਾਂ ਲਈ ‘ਲੰਗਰ’ (ਮੁਫ਼ਤ ਭੋਜਨ ਦੀ ਪੇਸ਼ਕਸ਼) ਲਾਉਣ ਕਰਕੇ ਜਾਣੇ ਜਾਂਦੇ ਹਾਂ। ਜੇਕਰ ਇਹ ਲੋਕ ਸੱਚਮੁੱਚ ਮਾੜੇ ਅਨਸਰਾਂ ਨੂੰ ਖਤਮ ਕਰਨਾ ਚਾਹੁੰਦੇ ਹਨ, ਤਾਂ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਓ।’’

ਮੀਕਾ ਨੇ ਸ਼ਹੀਦ ਭਗਤ ਸਿੰਘ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਦਿੱਤੀ, ਜਦੋਂ ਕਿ ਦੋਸ਼ੀ ਇਸ ਕਤਲ ਨੂੰ ਬਹਾਦਰੀ ਦੇ ਕੰਮ ਵਜੋਂ ਪੇਸ਼ ਕਰ ਰਹੇ ਹਨ। ਮੀਕਾ ਨੇ ਸੱਭਿਆਚਾਰ ਦੇ ਨਾਮ ’ਤੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਸੱਚੇ ਯੋਧੇ ਕਮਜ਼ੋਰ ਦੀ ਰੱਖਿਆ ਕਰਦੇ ਹਨ, ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਰੀਬ ਚਾਰ ਲੱਖ ਫਾਲੋਅਰਜ਼ ਨਾਲ ਇੰਸਟਾਗ੍ਰਾਮ ’ਤੇ ਜਾਣੀ-ਪਛਾਣੀ ਹਸਤੀ ਸੀ। ਮੀਕਾ ਸਿੰਘ ਨੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਅਤੇ ਜ਼ੋਰ ਦਿੱਤਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਕੰਚਨ ਕੁਮਾਰੀ ਦੇ ਕਤਲ ਕੇਸ ਵਿਚ ਹੁਣ ਤੱਕ ਪੰਜ ਵਿਅਕਤੀਆਂ- ਅੰਮ੍ਰਿਤਪਾਲ ਸਿੰਘ ਮਹਿਰੋਂ; ਉਸ ਦੇ ਦੋ ਕਥਿਤ ਸਾਥੀਆਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ (ਦੋਵੇਂ ਨਿਹੰਗ), ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਮੁਤਾਬਕ ਅੰਮ੍ਰਿਤਪਾਲ ਯੂਏਈ ਭੱਜ ਗਿਆ ਹੈ ਜਦੋਂਕਿ ਨਿਮਰਤਜੀਤ ਅਤੇ ਜਸਪ੍ਰੀਤ ਹਿਰਾਸਤ ਵਿੱਚ ਹਨ।

LEAVE A REPLY

Please enter your comment!
Please enter your name here