ਅਮਰਨਾਥ ਯਾਤਰਾ ਦਾ ਰੂਟ ‘ਨੋ ਫਲਾਇੰਗ ਜ਼ੋਨ’ ਐਲਾਨ

ਅਮਰਨਾਥ ਯਾਤਰਾ ਦਾ ਰੂਟ ‘ਨੋ ਫਲਾਇੰਗ ਜ਼ੋਨ’ ਐਲਾਨ

0
108

ਅਮਰਨਾਥ ਯਾਤਰਾ ਦਾ ਰੂਟ ‘ਨੋ ਫਲਾਇੰਗ ਜ਼ੋਨ’ ਐਲਾਨ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਗ੍ਰਹਿ ਵਿਭਾਗ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਤੋਂ ਪਹਿਲਾਂ ਤੀਰਥ ਯਾਤਰਾ ਦੇ ਪੂਰੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨ ਦਿੱਤਾ ਹੈ। ਪਾਬੰਦੀ ਦੇ ਇਹ ਹੁਕਮ ਪਹਿਲੀ ਜੁਲਾਈ ਤੋਂ 10 ਅਗਸਤ ਤੱਕ ਅਮਲ ਵਿਚ ਰਹਿਣਗੇ।

ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅਗਾਮੀ ਅਮਰਨਾਥ ਯਾਤਰਾ, ਜੋ 3 ਜੁਲਾਈ ਤੋਂ 10 ਅਗਸਤ ਲਈ ਤਜਵੀਜ਼ਤ ਹੈ, ਨੂੰ ਅਮਨ ਅਮਾਨ ਤੇ ਸੁਖਾਲੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੌਕੇ ਵਧੇਰੇ ਇਹਤਿਆਤ ਵਰਤੀ ਜਾ ਰਹੀ ਹੈ।

ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਸਾਰੇ ਸਬੰਧਤ ਭਾਈਵਾਲਾਂ ਨਾਲ ਜੰਮੂ ਕਸ਼ਮੀਰ ਦੇ ਮੌਜੂਦਾ ਸੁਰੱਖਿਆ ਹਾਲਾਤ ਬਾਰੇ ਵਿਚਾਰ ਚਰਚਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਮਰਨਾਥ ਯਾਤਰਾ 2025 ਦੇ ਪੂਰੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਣ ਦੀ ਸਲਾਹ ਦਿੱਤੀ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ, ‘‘ਲਿਹਾਜ਼ਾ ਸ੍ਰੀ ਅਮਰਨਾਥਜੀ ਯਾਤਰਾ, 2025 ਦੌਰਾਨ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਯਾਤਰਾ ਦੇ ਸਾਰੇ ਰੂਟਾਂ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ ਜਾਂਦਾ ਹੈ, ਜਿਸ ਵਿੱਚ ਪਹਿਲਗਾਮ ਧੁਰਾ ਅਤੇ ਬਾਲਟਾਲ ਧੁਰਾ ਦੋਵੇਂ ਸ਼ਾਮਲ ਹਨ ਅਤੇ ਇਸ ਤਰ੍ਹਾਂ, 1 ਜੁਲਾਈ, 2025 ਤੋਂ 10 ਅਗਸਤ, 2025 ਤੱਕ ਕਿਸੇ ਵੀ ਕਿਸਮ ਦੇ ਹਵਾਬਾਜ਼ੀ ਪਲੇਟਫਾਰਮਾਂ ਅਤੇ ਯੰਤਰਾਂ, ਜਿਵੇਂ ਯੂਏਵੀ, ਡਰੋਨ, ਗੁਬਾਰੇ ਆਦਿ ਸ਼ਾਮਲ ਹਨ, ਦੀ ਉਡਾਣ ’ਤੇ ਪਾਬੰਦੀ ਰਹੇਗੀ।’’

ਇਹ ਹੁਕਮ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਵਾਲੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ। ਮੈਡੀਕਲ ਨਿਕਾਸੀ, ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਬਲਾਂ ਵੱਲੋਂ ਨਿਗਰਾਨੀ ਦੇ ਮਾਮਲਿਆਂ ਵਿੱਚ ਇਨ੍ਹਾਂ ਪਾਬੰਦੀਆਂ ਤੋਂ ਛੋਟ ਰਹੇਗੀ। ਅਮਰਨਾਥ ਯਾਤਰਾ ਸਾਲਾਨਾ ਦੋ ਰੂਟਾਂ ਤੋਂ ਹੁੰਦੀ ਹੈ। ਇਨ੍ਹਾਂ ਵਿਚੋਂ ਇਕ ਛੋਟਾ ਰੂਟ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਹੋ ਕੇ ਜਾਂਦਾ ਹੈ ਜਦੋਂਕਿ ਦੂਜਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਤੋਂ।

LEAVE A REPLY

Please enter your comment!
Please enter your name here