ਇਰਾਨ ਦਾ ਸਿਖਰਲਾ ਪ੍ਰਮਾਣੂ ਵਿਗਿਆਨੀ ਹਲਾਕ
ਤਹਿਰਾਨ : ਦੱਸਿਆ ਜਾ ਰਿਹਾ ਹੈ ਕਿ ਇਰਾਨ ਦਾ ਸਿਖਰਲਾ ਪ੍ਰਮਾਣੂ ਵਿਗਿਆਨੀ ਸਿੱਦਿਕੀ ਸਾਬਰ ਉੱਤਰੀ ਤਹਿਰਾਨ ’ਤੇ ਇਜ਼ਰਾਇਲੀ ਹਮਲਿਆਂ ਵਿਚ ਮਾਰਿਆ ਗਿਆ। ਇਜ਼ਰਾਈਲ ਤੇ ਇਰਾਨ ਵੱਲੋਂ ਜੰਗਬੰਦੀ ਬਾਰੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਤਜਵੀਜ਼ ਸਵੀਕਾਰ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲ ਨੇ ਇਹ ਹਮਲਾ ਕੀਤਾ ਸੀ।
ਦੋਵਾਂ ਧਿਰਾਂ ਵੱਲੋਂ ਜੰਗਬੰਦੀ ਦੀ ਸਹਿਮਤੀ ਨਾਲ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਦਾ ਭੋਗ ਪੈਣ ਦੇ ਆਸਾਰ ਬਣ ਗਏ ਹਨ। ਉਂਝ ਇਜ਼ਰਾਈਲ ਨੇ ਅੱਜ ਤੜਕੇ ਕੀਤੇ ਹਮਲਿਆਂ ਦੌਰਾਨ ਇਰਾਨ ਦੇ ਫੋਰਡੋ ਸਥਿਤ ਪ੍ਰਮਾਣੂ ਟਿਕਾਣੇ ਨੇੜੇ ਸੜਕਾਂ ਅਤੇ ਐਵਿਨ ਜੇਲ੍ਹ ਨੂੰ ਨਿਸ਼ਾਨਾ ਬਣਾਇਆ। ਇਸ ਜੇਲ੍ਹ ਵਿਚ ਸਿਆਸੀ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਉਧਰ ਇਰਾਨ ਨੇ ਇਜ਼ਰਾਈਲ ਦੇ ਕਈ ਸ਼ਹਿਰਾਂ ਤੇ ਕਤਰ ਸਥਿਤ ਅਮਰੀਕੀ ਫੌਜੀ ਅੱਡੇ ’ਤੇ ਹਮਲੇ ਕੀਤੇ। ਜੰਗਬੰਦੀ ਭਾਵੇਂ ਲਾਗੂ ਹੋ ਗਈ ਹੈ, ਪਰ ਤਣਾਅ ਅਜੇ ਵੀ ਬਰਕਰਾਰ ਹੈ।
