ਮਾਰਕ ਕਾਰਨੀ ਵੱਲੋਂ ਕਨਿਸ਼ਕ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ

ਮਾਰਕ ਕਾਰਨੀ ਵੱਲੋਂ ਕਨਿਸ਼ਕ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ

0
34

ਮਾਰਕ ਕਾਰਨੀ ਵੱਲੋਂ ਕਨਿਸ਼ਕ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ

ਓਟਵਾ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ 40 ਸਾਲ ਪਹਿਲਾਂ ਏਅਰ ਇੰਡੀਆ ਦੀ ਉਡਾਣ 182 ਕਨਿਸ਼ਕ ’ਚ ਹੋਇਆ ਬੰਬ ਧਮਾਕਾ ‘ਅਤਿਵਾਦ ਖ਼ਿਲਾਫ਼ ਲੜਨ ਤੇ ਕੈਨੇਡਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਪ੍ਰਤੀਬੱਧਤਾ ਦੀ ਯਾਦ ਦਿਵਾਉਂਦਾ ਹੈ।’ ਕਾਰਨੀ ਨੇ ਇਹ ਟਿੱਪਣੀ ਕਨਿਸ਼ਕ ਬੰਬ ਧਮਾਕੇ ਦੀ 40ਵੀਂ ਬਰਸੀ ਮੌਕੇ ਕੀਤੀ। ਇਸ ਲਈ ਬੀਤੇ ਦਿਨ ਪੂਰੇ ਕੈਨੇਡਾ ’ਚ ਭਾਈਚਾਰੇ ਦੇ ਮੈਂਬਰਾਂ, ਭਾਰਤੀ ਮਿਸ਼ਨਾਂ ਤੇ ਹੋਰ ਲੋਕਾਂ ਵੱਲੋਂ ਡਾਉ’ਜ਼ ਲੇਕ ਸਥਿਤ ਏਅਰ ਇੰਡੀਆ ਯਾਦਗਾਰ ਸਮੇਤ ਕਈ ਥਾਵਾਂ ’ਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ।

ਜ਼ਿਕਰਯੋਗ ਹੈ ਕਿ ਮੌਂਟਰੀਅਲ-ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਕਨਿਸ਼ਕ ਉਡਾਣ182 ਵਿੱਚ 23 ਜੂਨ 1985 ਨੂੰ ਬਰਤਾਨੀਆ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਕੈਨੇਡਾ ਵਿਚਲੇ ਅਤਿਵਾਦੀਆਂ ਵੱਲੋਂ ਰੱਖੇ ਬੰਬ ’ਚ ਧਮਾਕਾ ਹੋ ਗਿਆ ਸੀ ਜਿਸ ’ਚ ਜਹਾਜ਼ ਵਿੱਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ’ਚ ਘੱਟੋ ਘੱਟ 280 ਕੈਨੇਡਿਆਈ ਨਾਗਰਿਕ ਸਨ ਜਿਨ੍ਹਾਂ ’ਚੋਂ ਵਧੇਰੇ ਭਾਰਤੀ ਮੂਲ ਦੇ ਸਨ। ਕਾਰਨੀ ਨੇ ਐਕਸ ’ਤੇ ਕਿਹਾ, ‘40 ਸਾਲ ਪਹਿਲਾਂ ਕੈਨੇਡਾ ਨੇ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਅਤਿਵਾਦੀ ਹਮਲੇ ਦਾ ਸਾਹਮਣਾ ਕੀਤਾ ਸੀ। ਅੱਜ ਅਸੀਂ ਏਅਰ ਇੰਡੀਆ ਬੰਬ ਧਮਾਕੇ ਦੇ 268 ਕੈਨੇਡਿਆਈ ਪੀੜਤਾਂ ਤੇ ਅਤਿਵਾਦੀ ਹਮਲੇ ’ਚ ਮਾਰੇ ਗਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਇਹ ਹਿੰਸਕ ਅਤਿਵਾਦ ਨਾਲ ਲੜਨ ਤੇ ਕੈਨੇਡਿਆਈ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਪ੍ਰਤੀਬੱਧਤਾ ਦੀ ਇੱਕ ਗੰਭੀਰ ਯਾਦ ਦਿਵਾਉਂਦਾ ਹੈ।’ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਐਕਸ ’ਤੇ ਲਿਖਿਆ, ‘ਇਹ ਅਤਿਵਾਦੀ ਹਮਲਾ ਸਾਡੇ ਦੇਸ਼ ਦੇ ਇਤਿਹਾਸ ’ਚ ਸਭ ਤੋਂ ਘਾਤਕ ਹੈ, ਜਿਸ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਅਸੀਂ ਪੀੜਤਾਂ ਨੂੰ ਯਾਦ ਕਰਦੇ ਹਾਂ ਅਤੇ ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ, ਜਿਨ੍ਹਾਂ ਦਹਾਕਿਆਂ ਤੱਕ ਸੋਗ ਮਨਾਇਆ ਹੈ।’ ਉਨ੍ਹਾਂ ਕਿਹਾ, ‘ਕੈਨੇਡਾ ਅਤਿਵਾਦ ਤੇ ਹਿੰਸਕ ਕੱਟੜਵਾਦ ਦੇ ਖਤਰਿਆਂ ਦਾ ਪਤਾ ਲਾਉਣ, ਰੋਕਣ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।’

LEAVE A REPLY

Please enter your comment!
Please enter your name here