‘ਸਿੱਖ ਆਫ ਅਮੈਰਿਕਾ’ ਅਮਰੀਕਾ ਨੈਸ਼ਨਲ ਇੰਡੀਪੈਂਡਸ ਡੇ ਪਰੇਡ ’ਚ 11ਵੀਂ ਵਾਰ ਪੂਰੀ ਜਾਹੋ-ਜਲਾਲ ਨਾਲ ਸ਼ਿਰਕਤ ਕਰੇਗੀ

‘ਸਿੱਖ ਆਫ ਅਮੈਰਿਕਾ’ ਅਮਰੀਕਾ ਨੈਸ਼ਨਲ ਇੰਡੀਪੈਂਡਸ ਡੇ ਪਰੇਡ ’ਚ 11ਵੀਂ ਵਾਰ ਪੂਰੀ ਜਾਹੋ-ਜਲਾਲ ਨਾਲ ਸ਼ਿਰਕਤ ਕਰੇਗੀ
ਵਾਸ਼ਿੰਗਟਨ : ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰ ਅਮਰੀਕੀ ਸੰਸਥਾ ‘ਸਿੱਖਸ ਆਫ ਅਮਰੀਕਾ’ ਇਸ ਸਾਲ ਵੀ ਵਾਸ਼ਿੰਗਟਨ ਡੀ.ਸੀ. ਵਿਖੇ ਆਯੋਜਿਤ ਹੋ ਰਹੇ ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ’ਚ 4 ਜੁਲਾਈ 2025 ਨੂੰ ਪੂਰੀ ਜਾਹੋ-ਜਲਾਲ ਨਾਲ ਸ਼ਾਮਲ ਹੋਣ ਜਾ ਰਹੀ ਹੈ। ਸਿੱਖਾਂ ਅਤੇ ਖਾਸਕਰ ਪੰਜਾਬੀਆਂ ਨੇ ਅਮਰੀਕਾ ਦੇ ਵਿਕਾਸ ਅਤੇ ਉੱਨਤੀ ਵਿੱਚ ਹਮੇਸ਼ਾਂ ਯੋਗਦਾਨ ਪਾਇਆ ਹੈ। ਅੱਜ ਦੇ ਸਮੇਂ ਵਿੱਚ ਸਿੱਖ ਅਮਰੀਕਾ ਦਾ ਅਟੁੱਟ ਅੰਗ ਹੈ ਅਤੇ ‘ਸਿੱਖਸ ਆਫ ਅਮੈਰਿਕਾ’ ਸਿੱਖ ਕਦਰਾਂ ਕੀਮਤਾਂ ਦੀ ਰਾਖੀ ਕਰਦੀ ਹੋਈ ਅਮਰੀਕਾ ਵਿੱਚ ਵਧ ਰਹੇ ਪੱਖਪਾਤ ਅਤੇ ਨਫਰਤ ਵਿਰੁੱਧ ਸੁਚੱਜਾ ਸੰਦੇਸ਼ ਦੇ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਸਿੱਖਸ ਆਫ ਅਮੈਰਿਕਾ’ ਦੇ ਪ੍ਰਧਾਨ ਜਸਦੀਪ ਸਿੰਘ ਜੈਸੀ ਨੇ ਦੱਸਿਆ ਕਿ ‘ਸਿੱਖਸ ਆਫ ਅਮਰੀਕਾ’ ਲਗਾਤਾਰ 11ਵੀਂ ਵਾਰ ਲਗਾਤਾਰ ਅਮਰੀਕਾ ਦੇ ਰਾਸ਼ਟਰੀ ਸੁਤੰਤਰਤਾ ਦਿਵਸ ਵਿੱਚ ਭਾਗ ਲੈ ਕੇ ਇਤਿਹਾਸ ਸਿਰਜਣ ਜਾ ਰਹੀ ਹੈ। ਇਸ ਪਰੇਡ ਦੌਰਾਨ ਜਿਥੇ ਸਿੱਖ ਭਾਈਚਾਰਾ ਰੰਗੀਨ ਪੱਗਾਂ, ਚਿੱਟੀਆਂ ਕਮੀਜ਼, ਅਮਰੀਕੀ ਤੇ ਸਿੱਖ ਝੰਡਿਆਂ ਨਾਲ ਢੋਲ ਦੇ ਡੱਗੇ ’ਤੇ ਭੰਗੜਾ ਪਾਉਂਦੇ ਹੋਏ ਆਪਣੇ ਸੱਭਿਆਚਾਰ ਅਤੇ ਦੇਸ਼ ਭਗਤੀ ਦੀ ਝਲਕ ਪੇਸ਼ ਕਰਦਾ ਹੈ ਉਥੇ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਤ ਝਾਕੀ ਵੀ ਪੇਸ਼ ਕੀਤੀ ਜਾਂਦੀ ਹੈ। ਇਸ ਵਾਰ ਵੀ ਪਰੇਡ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਜਸਦੀਪ ਸਿੰਘ ਜੈਸੀ ਅਤੇ ਕੰਵਲਜੀਤ ਸਿੰਘ ਸੋਨੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੀਆਂ ਪਰੇਡਾਂ ਵਿੱਚ ਸਿੱਖ ਭਾਈਚਾਰੇ ਨੂੰ ਜਨਤਕ ਸੇਵਾ ਲਈ ਵੀ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ, ਜਿਵੇਂ ਕਿ ਡਿਪਟੀ ਸੰਦੀਪ ਧਾਲੀਵਾਲ ਵਰਗੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹਨ।
ਸਿੱਖਸ ਆਫ ਅਮਰੀਕਾ ਨੇ ਸਮੂਹ ਪਰਿਵਾਰਾਂ ਅਤੇ ਭਾਈਚਾਰੇ ਨੂੰ 4 ਜੁਲਾਈ ਨੂੰ ਨੈਸ਼ਨਲ ਡੇ ਦੀ ਪਰੇਡ-2025 ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਹੈ ਤਾਂ ਸਮੁੱਚਾ ਇਸ ਭਾਈਚਾਰੇ ਦੀ ਮਹੱਤਤਾ ਤੋਂ ਜਾਣੂ ਹੋ ਸਕੇ।