ਆਪ’ ਦਾ ਕਾਂਗਰਸ ਨਾਲ ਹੁਣ ਕੋਈ ਸਬੰਧ ਨਹੀਂ : ਕੇਜਰੀਵਾਲ

‘ਆਪ’ ਦਾ ਕਾਂਗਰਸ ਨਾਲ ਹੁਣ ਕੋਈ ਸਬੰਧ ਨਹੀਂ : ਕੇਜਰੀਵਾਲ
ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਹੁਣ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੈ ਅਤੇ ਉਨ੍ਹਾਂ ਨੇ ਕਾਂਗਰਸ ’ਤੇ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ ਦੀ ਮਦਦ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਜ਼ਿਵ ਅਲਾਇੰਸ) ਗੱਠਜੋੜ ਸਿਰਫ਼ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਸੀ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2027 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਜਿੱਤੇਗੀ। ਰਾਜ ਦੇ ਲੋਕਾਂ ਕੋਲ ਹੁਣ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਇੱਕ ਹੋਰ ਵਿਕਲਪ ਹੈ।
ਕੇਜਰੀਵਾਲ ਨੇ ਕਿਹਾ, “ਸਾਡਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੈ। ਜੇ ਕੋਈ ਗੱਠਜੋੜ ਸੀ, ਤਾਂ ਉਨ੍ਹਾਂ ਨੇ ਵਿਸਾਵਦਰ ਵਿੱਚ ਜ਼ਿਮਨੀ ਚੋਣ ਕਿਉਂ ਲੜੀ? ਉਹ ਸਾਨੂੰ ਹਰਾਉਣ ਲਈ ਆਏ ਸਨ। ਭਾਜਪਾ ਨੇ ਕਾਂਗਰਸ ਨੂੰ ਸਾਡੀਆਂ ਵੋਟਾਂ ਕੱਟ ਕੇ ‘ਆਪ’ ਨੂੰ ਹਰਾਉਣ ਲਈ ਭੇਜਿਆ ਸੀ।”“ਜਦੋਂ ਕਾਂਗਰਸ ਅਸਫਲ ਹੋ ਗਈ, ਤਾਂ ਭਾਜਪਾ ਨੇ ਉਨ੍ਹਾਂ ਨੂੰ ਫਟਕਾਰ ਵੀ ਲਾਈ। ਇੰਡੀਆ ਗੱਠਜੋੜ ਸਿਰਫ਼ ਲੋਕ ਸਭਾ ਚੋਣਾਂ ਲਈ ਸੀ। ਹੁਣ ਸਾਡੇ ਵੱਲੋਂ ਕੋਈ ਗੱਠਜੋੜ ਨਹੀਂ ਹੈ।’’