ਧਾਲੀਵਾਲ ਦੀ ਕੈਬਨਿਟ ’ਚ ਛੁੱਟੀ ਨਾਲ ਸਿਆਸੀ ਚਰਚਾ ਸਿੱਖਰਾਂ ’ਤੇ

ਧਾਲੀਵਾਲ ਦੀ ਕੈਬਨਿਟ ’ਚ ਛੁੱਟੀ ਨਾਲ ਸਿਆਸੀ ਚਰਚਾ ਸਿੱਖਰਾਂ ’ਤੇ
ਚੰਡੀਗੜ੍ਹ : ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਕੈਬਨਿਟ ’ਚੋਂ ਬਾਹਰ ਕਰਨ ਨੂੰ ਲੈਕੇ ਸਿਆਸੀ ਚਰਚਾ ਸਿੱਖਰਾਂ ’ਤੇ ਪਹੁੰਚ ਗਈਆਂ ਹਨ। ਧਾਲੀਵਾਲ ਨੂੰ ਕੈਬਨਿਟ ਤੋਂ ਲਾਂਭੇ ਕੀਤੇ ਜਾਣ ਨੂੰ ਅਸਹਿਜ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਧਾਲੀਵਾਲ ਕੋਲ ਇਸ ਵੇਲੇ ਸਿਰਫ਼ ਐੱਨ.ਆਰ.ਆਈ ਮੰਤਰਾਲਾ ਹੀ ਸੀ। ਧਾਲੀਵਾਲ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ 1992 ਤੋਂ ਨੇੜਤਾ ਚੱਲੀ ਆ ਰਹੀ ਹੈ ਅਤੇ ਧਾਲੀਵਾਲ ਨੇ ਭਗਵੰਤ ਮਾਨ ਨਾਲ ਇਕੱਠੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਵੀ ਕੰਮ ਕੀਤਾ ਹੈ। ਧਾਲੀਵਾਲ 2014 ਤੋਂ ਹੀ ‘ਆਪ’ ਨਾਲ ਜੁੜੇ ਹੋਏ ਸਨ। ਅਮਰੀਕਾ ਦੀ ਨਾਗਰਿਕਤਾ ਤਿਆਗ ਕੇ ‘ਆਪ’ ਦੀ ਟਿਕਟ ’ਤੇ ਚੋਣ ਲੜੀ। ਉਨ੍ਹਾਂ ਨੇ ਕਰੀਬ 11 ਹਜ਼ਾਰ ਏਕੜ ਪੰਚਾਇਤ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਇਆ ਹੈ। ਜ਼ਿਮਨੀ ਚੋਣਾਂ ’ਚ ਵੀ ਉਨ੍ਹਾਂ ਨੇ ਆਪਣੇ ਬਿਹਤਰ ਕਾਰਗੁਜ਼ਾਰੀ ਦਿਖਾਈ। ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇਯੋਗ ਮੰਨੇ ਜਾਂਦੇ ਹਨ। ਸਿਆਸੀ ਹਲਕਿਆਂ ’ਚ ਨਵੇਂ ਚਰਚੇ ਛਿੜੇ ਹਨ ਕਿ ਕੁਲਦੀਪ ਧਾਲੀਵਾਲ ਨੇ ਆਪਣੇ ਆਪ ਨੂੰ ਅੱਜ ਪੰਜਾਬ ਦੇ ਪੁੱਤਰ ਵਜੋਂ ਪੇਸ਼ ਕੀਤਾ ਹੈ ਅਤੇ ਇਸ ਪੰਜਾਬੀਅਤ ਦੀ ਗੱਲ ਵਿੱਚ ਕਈ ਸਿਆਸੀ ਭੇਤ ਛੁਪੇ ਜਾਪਦੇ ਹਨ। ਧਾਲੀਵਾਲ ਨੇ ਇਹ ਵੀ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਉਹ ਹਮੇਸ਼ਾ ਹਾਜ਼ਰ ਰਹੇਗਾ। ਸਿਆਸੀ ਬੁੱਧੀਜੀਵੀ ਪਤਾ ਕਰਨ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਧਾਲੀਵਾਲ ਨੂੰ ਕੈਬਨਿਟ ਤੋਂ ਛੁੱਟੀ ਕਰਨੀ ਪਈ।