ਮੈਨੂੰ 30-40 ਸਾਲ ਹੋਰ ਜਿਉਣ ਦੀ ਉਮੀਦ: ਦਲਾਈ ਲਾਮਾ
ਧਰਮਸ਼ਾਲਾ : ਤਿੱਬਤੀ ਅਧਿਆਤਮਕ ਤੇ ਧਾਰਮਿਕ ਗੁਰੂ ਦਲਾਈ ਲਾਮਾ ਨੇ ਸ਼ਨਿੱਚਰਵਾਰ ਨੂੰ ਆਪਣੇ ਉੱਤਰਾਧਿਕਾਰੀ ਦੇ ਐਲਾਨ ਸਬੰਧੀ ਅਫਵਾਹਾਂ ਨੂੰ ਰੋਕਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦੇ ਹਨ। ਐਤਵਾਰ ਨੂੰ ਮਨਾਈ ਜਾ ਰਹੀ ਆਪਣੀ 90ਵੀਂ ਜਨਮ ਵਰ੍ਹੇਗੰਢ ਤੋਂ ਪਹਿਲਾਂ ਇਸ ਸਬੰਧੀ ਮੈਕਲੋਡਗੰਜ ਦੇ ਮੁੱਖ ਦਲਾਈ ਲਾਮਾ ਮੰਦਰ, ਸੁਗਲਾਗਖਾਂਗ ਵਿਖੇ ਆਪਣੀ ਲੰਬੀ ਉਮਰ ਦੀ ਪ੍ਰਾਰਥਨਾ ਸਬੰਧੀ ਸਮਾਰੋਹ ਵਿੱਚ ਬੋਲਦਿਆਂ ਤੇਨਜ਼ਿਨ ਗਿਆਤਸੋ ਨੇ ਕਿਹਾ ਕਿ ਉਨ੍ਹਾਂ ਕੋਲ ‘ਸਪਸ਼ਟ ਸੰਕੇਤ’ ਹਨ ਕਿ ਅਵਲੋਕਿਤੇਸ਼ਵਰ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ।
ਤਿੱਬਤੀ ਅਧਿਆਤਮਿਕ ਆਗੂ ਨੇ ਕਿਹਾ, “ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਵੇਖਦਿਆਂ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਅਵਲੋਕਿਤੇਸ਼ਵਰ ਦੇ ਆਸ਼ੀਰਵਾਦ ਹਨ। ਮੈਂ ਹੁਣ ਤੱਕ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਮੈਂ ਅਜੇ ਵੀ 30-40 ਸਾਲ ਹੋਰ ਜੀਵਾਂਗਾ। ਤੁਹਾਡੀਆਂ ਪ੍ਰਾਰਥਨਾਵਾਂ ਫਲ ਦੇਣਗੀਆਂ।”
ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਇਹ ਅਹਿਸਾਸ ਸੀ ਕਿ ਉਨ੍ਹਾਂ ਦਾ ਅਵਲੋਕਿਤੇਸ਼ਵਰ ਨਾਲ ਇੱਕ ਮਜ਼ਬੂਤ ਰਿਸ਼ਤਾ ਹੈ। ਉਨ੍ਹਾਂ ਕਿਹਾ, “ਅਤੇ ਮੈਂ ਹੁਣ ਤੱਕ ਬੁੱਧ ਧਰਮ ਅਤੇ ਤਿੱਬਤ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਰਿਹਾ ਹਾਂ। ਅਤੇ ਫਿਰ ਵੀ ਮੈਂ 130 ਸਾਲਾਂ ਤੋਂ ਵੱਧ ਜੀਉਣ ਦੀ ਉਮੀਦ ਕਰਦਾ ਹਾਂ।”
ਤਿੱਬਤੀ ਜਲਾਵਤਨੀ ਸਰਕਾਰ ਨੇ ਇੱਥੇ 14ਵੇਂ ਦਲਾਈ ਲਾਮਾ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਇੱਕ ਹਫ਼ਤੇ ਦੀ ਲੜੀ ਦੇ ਪ੍ਰੋਗਰਾਮ ਉਲੀਕੇ ਹਨ। ਜਸ਼ਨਾਂ ਦੇ ਹਿੱਸੇ ਵਜੋਂ ਮੁੱਖ ਮੰਦਰ ਵਿੱਚ ਇੱਕ ਲੰਬੀ ਉਮਰ ਪ੍ਰਾਰਥਨਾ ਸਮਾਰੋਹ ਕੀਤਾ ਗਿਆ ਜਿਸ ਵਿੱਚ 15,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।