ਆਦਮਪੁਰ ਵਿੱਚ ਘਰ ’ਤੇ ਪੈਟਰੋਲ ਬੰਬ ਸੁੱਟੇ
ਜਲੰਧਰ : ਆਦਮਪੁਰ ਸ਼ਹਿਰ ਦੇ ਗਾਂਧੀ ਨਗਰ ਮੁਹੱਲੇ ਵਿੱਚ ਐਤਵਾਰ ਰਾਤ ਨੂੰ ਕਰੀਬ 12 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇੱਕ ਘਰ ’ਤੇ ਪੈਟਰੋਲ ਬੰਬ ਸੁੱਟੇ। ਇਸ ਘਟਨਾ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਨੂੰ ਨੁਕਸਾਨ ਪੁੱਜਾ ਹੈ। ਘਰ ਦੇ ਮਾਲਕ ਹੰਸਰਾਜ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਵੱਡਾ ਪੁੱਤਰ ਅਤੇ ਧੀ ਵਿਦੇਸ਼ ਵਿੱਚ ਰਹਿੰਦੇ ਹਨ। ਉਹ ਆਪਣੇ ਛੋਟੇ ਪੁੱਤਰ ਸੁਮਿਤ ਕੁਮਾਰ ਨਾਲ ਘਰ ਵਿੱਚ ਰਹਿੰਦੇ ਹਨ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ। ਡੀਆਈਜੀ ਨਵੀਨ ਸਿੰਗਲਾ, ਐੱਸਐੱਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ, ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਸਣੇ ਹੋਰ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਇਜ਼ਾ ਲਿਆ। ਇਸ ਮੌਕੇ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਪੁਲੀਸ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਹੰਸਰਾਜ ਅਨੁਸਾਰ ਜਦੋਂ ਪਰਿਵਾਰ ਦੇ ਮੈਂਬਰ ਜਦੋਂ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰ ਕੱਚ ਦੇ ਟੁਕੜੇ ਖਿੰਡੇ ਹੋਏ ਸਨ ਅਤੇ ਮੁੱਖ ਗੇਟ ’ਤੇ ਸੜਨ ਦੇ ਨਿਸ਼ਾਨ ਸਨ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਆਦਮਪੁਰ ਪੁਲੀਸ ਨੂੰ ਦਿੱਤੀ। ਘਟਨਾ ਦੀ ਜਾਂਚ ਲਈ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ। ਇਸ ਵਿੱਚ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਘਰ ਉੱਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟ ਕੇ ਭੱਜ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਆਦਮਪੁਰ ਵਿੱਚ ਘਰ ’ਤੇ ਪੈਟਰੋਲ ਬੰਬ ਸੁੱਟੇ
Petrol Bomb Attack in Adamapur's Gandhi Nagar: Police Investigate Incident"