ਵਿਦਿਆਰਥੀਆਂ ਵੱਲੋਂ ਸਕੂਲ ਡਾਇਰੈਕਟਰ ਦਾ ਕਤਲ

ਵਿਦਿਆਰਥੀਆਂ ਵੱਲੋਂ ਸਕੂਲ ਡਾਇਰੈਕਟਰ ਦਾ ਕਤਲ
ਹਿਸਾਰ : ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਉਪ-ਮੰਡਲ ਦੇ ਬਾਸ ਪਿੰਡ ਵਿੱਚ ਵੀਰਵਾਰ ਨੂੰ ਇੱਕ ਪ੍ਰਾਈਵੇਟ ਸਕੂਲ ਦੇ ਡਾਇਰੈਕਟਰ ਦਾ ਦੋ ਵਿਦਿਆਰਥੀਆਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਸਕੂਲ ਡਾਇਰੈਕਟਰ ਜਗਬੀਰ ਪੰਨੂ ਨੂੰ ਹਿਸਾਰ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਇਹ ਘਟਨਾ ਕਰਤਾਰ ਮੈਮੋਰੀਅਲ ਪਬਲਿਕ ਸਕੂਲ ਵਿੱਚ ਸਵੇਰੇ 11 ਵਜੇ ਦੇ ਕਰੀਬ ਵਾਪਰੀ ਹੈ। ਜਾਣਕਾਰੀ ਅਨੁਸਾਰ 10+2 ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਦੇ ਅੰਦਰ ਜਗਬੀਰ ਪੰਨੂ ’ਤੇ ਹਮਲਾ ਕੀਤਾ। ਅਚਾਨਕ ਹੋਏ ਹਮਲੇ ਕਾਰਨ ਪੀੜਤ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਅਤੇ ਉਸ ’ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ।
ਸਕੂਲ ਸਟਾਫ ਨੇ ਸ਼ੁਰੂ ਵਿੱਚ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਅਤੇ ਬਾਅਦ ਵਿੱਚ ਉਸ ਨੂੰ ਹਿਸਾਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਮਲੇ ਵਿੱਚ ਸ਼ਾਮਲ ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ, ਦੋਵੇਂ ਦੋਸ਼ੀ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਏ ਹਨ। ਵਿਦਿਆਰਥੀਆਂ ਵੱਲੋਂ ਹਮਲੇ ਪਿੱਛੇ ਦਾ ਮਕਸਦ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲੀਸ ਵੱਲੋਂ ਸਕੂਲ ਸਟਾਫ ਅਤੇ ਹੋਰ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।