ਜਲੰਧਰ ਵਿਧਾਇਕ ਰਮਨ ਅਰੋੜਾ ਦੇ ਪੁੱਤਰ ਤੇ ਕੁੜਮ ਦੀ ਗ੍ਰਿਫ਼ਤਾਰੀ ਲਈ ਲੁਕਆਊਟ ਜਾਰੀ
ਜਲੰਧਰ : ਭ੍ਰਿਸ਼ਟਾਚਾਰ ਦੇ ਮਾਮਲੇ ’ਚ ਘਿਰੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ ਦੇ ਫ਼ਰਾਰ ਪੁੱਤਰ ਰਾਜਨ ਅਰੋੜਾ ਤੇ ਕੁੜਮ ਰਾਜੂ ਮਦਾਨ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਨੇ ਲੁਕਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ। ਰਮਨ ਅਰੋੜਾ ਤੇ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਦੀ ਜ਼ਮਾਨਤ ਪਟੀਸ਼ਨ ਬੀਤੇ ਦਿਨੀਂ ਅਦਾਲਤ ਵਿੱਚ ਰੱਦ ਹੋਣ ਤੋਂ ਬਾਅਦ ਵਿਜੀਲੈਂਸ ਹੁਣ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਵਿਜੀਲੈਂਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਦੁਬਈ ਵਿੱਚ ਲੁਕੇ ਹੋਏ ਹਨ ਜਿੱਥੇ ਜਲੰਧਰ ਦਾ ਇਕ ਵੱਡਾ ਸੱਟੇਬਾਜ਼ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਿਜੀਲੈਂਸ ਟੀਮ ਹੁਣ ਸੱਟੇਬਾਜ਼ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਤੇ ਉਸ ਦੇ ਖ਼?ਲਾਫ਼ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਦੁਬਈ ’ਚ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇੰਟਰਪੋਲ ਦੀ ਮਦਦ ਨਾਲ ਵਿਧਾਇਕ ਦੇ ਪੁੱਤਰ ਤੇ ਕੁੜਮ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ, ਇਹ ਮਾਮਲਾ ਆਰਥਿਕ ਅਪਰਾਧਾਂ, ਮਨੀ ਲਾਂਡਰਿੰਗ ਤੇ ਹਾਈ ਪ੍ਰੋਫਾਈਲ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ। ਉੱਧਰ, ਵਿਧਾਇਕ ਰਮਨ ਅਰੋੜਾ ਜ਼ਮਾਨਤ ਲੈਣ ਲਈ ਹੁਣ ਹਾਈ ਕੋਰਟ ਦੀ ਪਨਾਹ ਲੈ ਸਕਦੇ ਹਨ। ਵਿਧਾਇਕ ਤੇ ਉਨ੍ਹਾਂ ਦੇ ਕੁੜਮ ਦੀ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਅਰੋੜਾ ਦੇ ਅਸਤੀਫ਼ੇ ਦੀ ਚਰਚਾ ਸ਼ੁਰੂ ਹੋ ਗਈ ਹੈ।
