ਲੰਡਨ ਵਿਖੇ ਜਹਾਜ਼ ਨੂੰ ਲੱਗੀ ਅੱਗ
ਲੰਡਨ : ਲੰਡਨ ਦੇ ਸਾਊਥਐਂਡ ਹਵਾਈ ਅੱਡੇ ’ਤੇ ਐਤਵਾਰ ਨੂੰ ਉਡਾਣ ਭਰਨ ਤੋਂ ਫੌਰੀ ਮਗਰੋਂ ਛੋਟਾ ਜਹਾਜ਼ (ਬਿਜ਼ਨਸ ਜੈੱਟ ਪਲੇਨ) ਹਾਦਸਾਗ੍ਰਸਤ ਹੋ ਗਿਆ। ਹਾਦਸੇ ਮਗਰੋਂ ਇਹਤਿਆਤ ਵਜੋਂ ਹਵਾਈ ਅੱਡੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਬਾਰੇ ਫੌਰੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਨੀਦਰਲੈਂਡ ਦੀ ਜਿਊਸ਼ ਏਵੀਏਸ਼ਨ ਦਾ ਇਹ ਜਹਾਜ਼ ਗ੍ਰੀਸ ਤੋਂ ਪੁਲਾ (ਕ੍ਰੋਏਸ਼ੀਆ) ਤੇ ਅੱਗੇ ਸਾਊਥਐਂਡ ਆਇਆ ਸੀ। ਜਹਾਜ਼ ਨੇ ਐਤਵਾਰ ਸ਼ਾਮੀਂ ਵਾਪਸ ਨੀਦਰਲੈਂਡ ਲਈ ਉਡਾਣ ਭਰੀ ਸੀ। ਜ਼ਿਊਸ਼ ਏਵੀਏਸ਼ਨ ਨੇ ਆਪਣੀ S”Z1 ਉਡਾਣ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕੀਤੀ ਹੈ। ਉਧਰ ਬ੍ਰਿਟਿਸ਼ ਮੀਡੀਆ ਨੇ ਕਿਹਾ ਕਿ ਬੀਚਕ੍ਰਾਫ਼ਟ ਬੀ200 ਸੁਪਰ ਕਿੰਗ ਜਹਾਜ਼ ਸ਼ਾਮਲ ਸੀ ਜੋ ਮਰੀਜ਼ਾਂ ਨੂੰ ਲਿਜਾਣ ਲਈ ਮੈਡੀਕਲ ਪ੍ਰਣਾਲੀਆਂ ਨਾਲ ਲੈਸ ਸੀ। ਇਹ ਇੱਕ ਟਰਬੋਪ੍ਰੌਪ ਜਹਾਜ਼ ਹੈ ਜੋ 12 ਮੀਟਰ (39 ਫੁੱਟ) ਲੰਮਾ ਹੈ।
ਲੰਡਨ ਸਾਊਥਐਂਡ ਮੁਕਾਬਲਤਨ ਛੋਟਾ ਹਵਾਈ ਅੱਡਾ ਹੈ, ਜੋ ਲੰਡਨ ਤੋਂ ਕਰੀਬ 45 ਮੀਲ (72 ਕਿਲੋਮੀਟਰ) ਪੂਰਬ ਵੱਲ ਹੈ। ਹਾਦਸੇੇ ਕਰਕੇ ਅਗਲੇ ਹੁਕਮਾਂ ਤੱਕ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਪੁਲੀਸ, ਐਮਰਜੈਂਸੀ ਸੇਵਾਵਾਂ ਅਤੇ ਹਵਾਈ ਸੇਵਾ ਨਾਲ ਜੁੜੇ ਤਫ਼ਤੀਸ਼ਕਾਰ ਮੌਕੇ ’ਤੇ ਕੰਮ ਕਰ ਰਹੇ ਸਨ।
ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਤਸਵੀਰਾਂ ਵਿੱਚ ਹਾਦਸੇ ਵਾਲੀ ਥਾਂ ਤੋਂ ਅੱਗ ਅਤੇ ਕਾਲੇ ਧੂੰਏਂ ਦੇ ਗੁਬਾਰ ਦੇਖੇ ਗਏ ਹਨ। ਹਵਾਈ ਅੱਡੇ ’ਤੇ ਆਪਣੇ ਪਰਿਵਾਰ ਨਾਲ ਮੌਜੂਦ ਜੌਹਨ ਜੌਹਨਸਨ ਨੇ ਕਿਹਾ ਕਿ ਉਸ ਨੇ ਜਹਾਜ਼ ਦੇ ‘ਪਹਿਲਾਂ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਇੱਕ ‘ਵੱਡਾ ਅੱਗ ਦਾ ਗੋਲਾ’ ਦੇਖਿਆ। ਜੌਹਨਸਨ ਨੇ ਕਿਹਾ, ‘‘ਜਹਾਜ਼ ਨੇ ਉਡਾਣ ਭਰੀ ਅਤੇ ਤਿੰਨ ਜਾਂ ਚਾਰ ਸਕਿੰਟਾਂ ਬਾਅਦ, ਇਹ ਆਪਣੇ ਖੱਬੇ ਪਾਸੇ ਜ਼ੋਰ ਨਾਲ ਝੁਕਣ ਲੱਗਾ, ਅਤੇ ਲਗਪਗ ਉਲਟ ਗਿਆ ਅਤੇ ਜ਼ਮੀਨ ’ਤੇ ਜਾ ਡਿੱਗਾ।’’ ਐਸੈਕਸ ਪੁਲੀਸ ਨੇ ਕਿਹਾ ਕਿ ਉਸ ਨੂੰ ਹਵਾਈ ਅੱਡੇ ’ਤੇ ਇਸ ਹਾਦਸੇ ਬਾਰੇ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਸੂਚਿਤ ਕੀਤਾ ਗਿਆ ਸੀ।
ਲੰਡਨ ਵਿਖੇ ਜਹਾਜ਼ ਨੂੰ ਲੱਗੀ ਅੱਗ
Medical Jet Catches Fire at London Southend Airport, All Flights Suspended
