ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਧਮਕੀ

Bomb Threat at Golden Temple: SGPC Increases Security, Police Investigate Email

0
128

ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਧਮਕੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਈਮੇਲ ਮਿਲੀ ਹੈ ਜਿਸ ਵਿਚ ਹਰਿਮੰਦਰ ਸਾਹਿਬ ਵਿਖੇ ਬੰਬ ਰੱਖੇ ਹੋਣ ਦੀ ਧਮਕੀ ਦਿੱਤੀ ਗਈ ਹੈ। ਕਮੇਟੀ ਨੇ ਇਸ ਸਬੰਧੀ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕੀਤੀ ਹੈ, ਜਿਸ ਮਗਰੋਂ ਹਰਿਮੰਦਰ ਸਾਹਿਬ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਬੰਬ ਨਕਾਰਾ ਦਸਤਾ ਤੇ ਸਾਬੋਤਾਜ ਵਿਰੋਧੀ ਟੀਮ ਤਾਇਨਾਤ ਕੀਤੀਆਂ ਗਈਆਂ ਹਨ।’ ਉਨ੍ਹਾਂ ਕਿਹਾ ਕਿ ਮੁਕੰਮਲ ਸੁਰੱਖਿਆ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਧਮਕੀ ਭਰੀ ਮੇਲ ਭੇਜਣ ਵਾਲੇ ਦਾ ਖੁਰਾ ਖੋਜ ਲੱਭਣ ਲਈ ਸਾਈਬਰ ਅਪਰਾਧ ਤੇ ਹੋਰਨਾਂ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਭੁੱਲਰ ਨੇ ਕਿਹਾ, ‘‘ਮੁੱਢਲੀ ਜਾਂਚ ਵਿਚ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਜਾਪਦਾ ਹੈ, ਜੋ ਦੱਖਣੀ ਭਾਰਤ ਵਿਚ ਕੁਝ ਘਟਨਾਵਾਂ ਬਾਰੇ ਬੋਲ ਰਿਹਾ ਹੈ।’’
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਸਿੱਖ ਸੰਸਥਾ ਦੇ ਇੰਟਰਨੈੱਟ ਸੈਕਸ਼ਨ ਵਿੱਚ ਅੱਜ ਇਸ ਸਬੰਧੀ ਇੱਕ ਧਮਕੀ ਭਰੀ ਈਮੇਲ ਪੁੱਜੀ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਗੱਲ ਆਖੀ ਗਈ ਹੈ ਅਤੇ ਦੁਪਹਿਰ 3 ਵਜੇ ਇਸ ਬੰਬ ਰਾਹੀਂ ਧਮਾਕਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਇਸ ਨੂੰ ਅਗਲੇਰੀ ਜ਼ਰੂਰੀ ਕਾਰਵਾਈ ਲਈ ਪੁਲੀਸ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਧਮਕੀ ਭਰੀ ਈਮੇਲ ਤੋਂ ਬਾਅਦ ਚੌਕਸੀ ਵਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਸੁਰੱਖਿਆ ਵਧਾ ਦਿੱਤੀ ਹੈ ਜਦੋਂ ਕਿ ਪੁਲੀਸ ਨੇ ਬਾਹਰ ਵੀ ਵਿਆਪਕ ਪ੍ਰਬੰਧ ਕੀਤੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਚੱਪੇ ਚੱਪੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ। ਹੋ ਸਕਦਾ ਹੈ ਕਿ ਇਸੇ ਕਾਰਨ ਹੀ ਧਮਕੀ ਦਿੱਤੀ ਗਈ ਹੋਵੇ।

LEAVE A REPLY

Please enter your comment!
Please enter your name here