ਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਚੇਤਾਵਨੀ: ਰੂਸ ਨਾਲ ਕਾਰੋਬਾਰੀ ਸਬੰਧ ਜਾਰੀ ਰਹੇ ਤਾਂ ਸਖ਼ਤ ਪਾਬੰਦੀਆਂ ਲਈ ਤਿਆਰ ਰਹੋ

0
138

ਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਚੇਤਾਵਨੀ:
ਰੂਸ ਨਾਲ ਕਾਰੋਬਾਰੀ ਸਬੰਧ ਜਾਰੀ ਰਹੇ ਤਾਂ ਸਖ਼ਤ ਪਾਬੰਦੀਆਂ ਲਈ ਤਿਆਰ ਰਹੋ
ਵਾਸ਼ਿੰਗਟਨ : ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਭਾਰਤ, ਬ੍ਰਾਜ਼ੀਲ ਤੇ ਚੀਨ ਵਰਗੇ ਮੁਲਕ ਜੇਕਰ ਰੂਸ ਨਾਲ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਟੇ ਨੇ ‘ਬ੍ਰਿਕਸ’ ਸਮੂਹ ’ਚ ਸ਼ਾਮਲ ਇਨ੍ਹਾਂ ਮੁਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪੂਤਿਨ ਨੂੰ ਸ਼ਾਂਤੀ ਵਾਰਤਾ ਲਈ ਸੰਜੀਦਾ ਹੋਣ ਵਾਸਤੇ ਕਹਿਣ ਜਾਂ ਫਿਰ ਰੂਸ ਸਖ਼ਤ ਪਾਬੰਦੀਆਂ ਲਈ ਤਿਆਰ ਰਹੇ।
ਰੂਟੇ ਨੇ ਇਹ ਟਿੱਪਣੀ ਅਮਰੀਕੀ ਕਾਂਗਰਸ ਵਿੱਚ ਸੈਨੇਟਰਾਂ ਨਾਲ ਮੁਲਾਕਾਤ ਦੌਰਾਨ ਕੀਤੀ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕੀਤਾ ਅਤੇ 50 ਦਿਨਾਂ ਵਿੱਚ ਸ਼ਾਂਤੀ ਸਮਝੌਤਾ ਨਾ ਹੋਣ ’ਤੇ ਰੂਸੀ ਬਰਾਮਦਾਂ ਦੇ ਖਰੀਦਦਾਰਾਂ ’ਤੇ 100 ਫੀਸਦ ਸੈਕੰਡਰੀ ਟੈਰਿਫ ਲਾਉਣ ਦੀ ਧਮਕੀ ਦਿੱਤੀ।
ਰੂਟੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਨ੍ਹਾਂ ਤਿੰਨਾਂ ਦੇਸ਼ਾਂ ਨੂੰ ਮੇਰੀ ਸਲਾਹ ਹੈ, ਖਾਸ ਕਰਕੇ, ਜੇਕਰ ਤੁਸੀਂ ਹੁਣ ਬੀਜਿੰਗ ਵਿੱਚ ਰਹਿੰਦੇ ਹੋ, ਜਾਂ ਦਿੱਲੀ ਵਿੱਚ, ਜਾਂ ਤੁਸੀਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋ, ਤਾਂ ਤੁਸੀਂ ਇਸ ’ਤੇ ਇੱਕ ਨਜ਼ਰ ਮਾਰਨਾ ਚਾਹੋਗੇ, ਕਿਉਂਕਿ ਇਹ ਤੁਹਾਨੂੰ ਅਸਰਅੰਦਾਜ਼ ਕਰ ਸਕਦਾ ਹੈ।’’
ਰੂਟੇ ਨੇ ਸੋਮਵਾਰ ਨੂੰ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਟੈਰਿਫ ਨੂੰ ਲੈ ਕੇ ਨਵੀਂ ਪੇਸ਼ਕਦਮੀ ’ਤੇ ਸਹਿਮਤੀ ਪ੍ਰਗਟਾਈ। ਰੂਟੇ ਨੇ ਕਿਹਾ, ‘‘ਇਸ ਲਈ ਕ੍ਰਿਪਾ ਕਰਕੇ ਪੂਤਿਨ ਨੂੰ ਫੋਨ ਕਰੋ ਤੇ ਦੱਸੋ ਕਿ ਉਨ੍ਹਾਂ ਨੂੰ ਸ਼ਾਂਤੀ ਵਾਰਤਾ ਬਾਰੇ ਸੰਜੀਦਾ ਹੋਣਾ ਹੋਵੇਗਾ, ਜੇ ਅਜਿਹਾ ਨਹੀਂ ਹੁੰਦਾ ਤਾਂ ਭਾਰਤ, ਬ੍ਰਾਜ਼ੀਲ ਤੇ ਚੀਨ ’ਤੇ ਇਸ ਦਾ ਵਿਆਪਕ ਅਸਰ ਪਏਗਾ।’’

LEAVE A REPLY

Please enter your comment!
Please enter your name here