ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਮੁਲਤਵੀ
ਕਸ਼ਮੀਰ : ਕਸ਼ਮੀਰ ਵਾਦੀ ਵਿਚ ਪਿਛਲੇ 36 ਘੰਟਿਆਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਵੀਰਵਾਰ ਨੂੰ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਹੋਰ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ।
ਯਾਤਰਾ ਮੁਲਤਵੀ ਕਰਨ ਦਾ ਫੈਸਲਾ ਗੰਦਰਬਲ ਜ਼ਿਲ੍ਹੇ ਵਿਚ ਬਾਲਟਾਲ ਰੂਟ ’ਤੇ ਢਿੱਗਾਂ ਡਿੱਗਣ ਕਰਕੇ ਇਕ ਮਹਿਲਾ ਸ਼ਰਧਾਲੂ ਦੀ ਮੌਤ ਤੇ ਤਿੰਨ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਲਿਆ ਗਿਆ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੈ ਕੁਮਾਰ ਬਿਧੂੜੀ ਨੇ ਕਿਹਾ, ‘‘ਸ੍ਰੀ ਅਮਰਨਾਥ ਯਾਤਰਾ 17 ਜੁਲਾਈ 2025 ਨੂੰ ਪਹਿਲਗਾਮ ਅਤੇ ਬਾਲਟਾਲ ਦੋਵਾਂ ਬੇਸ ਕੈਂਪਾਂ ਤੋਂ ਮੁਅੱਤਲ ਕਰ ਦਿੱਤੀ ਗਈ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਕੇ, ਦੋਵਾਂ ਰੂਟਾਂ ’ਤੇ ਮੁਰੰਮਤ ਦਾ ਕੰਮ ਕਰਨਾ ਜ਼ਰੂਰੀ ਹੋ ਗਿਆ ਹੈ।’’ ਕੰਮ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਵਰਕਰ ਤੇ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਤਾਂ ਜੋ ਬਾਲਟਾਲ ਅਤੇ ਪਹਿਲਗਾਮ ਦੋਵਾਂ ਬੇਸ ਕੈਂਪਾਂ ਤੋਂ ਯਾਤਰਾ ਮੁੜ ਸ਼ੁਰੂ ਕੀਤੀ ਜਾ ਸਕੇ। ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਯਾਤਰਾ ਸ਼ੁੱਕਰਵਾਰ ਨੂੰ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਤੇ ਹੁਣ ਤੱਕ 2.35 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ ’ਤੇ ਸਥਿਤ ਗੁਫਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ।