ਫ਼ੌਜੀ ਦੀ ਲਾਸ਼ ਕਾਰ ’ਚੋਂ ਮਿਲੀ
ਚਮਕੌਰ ਸਾਹਿਬ : ਸੂਚਨਾ ਮਿਲੀ ਹੈ ਕਿ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਖੋਖਰਾਂ ਦੇ ਸਟੇਡੀਅਮ ’ਚ ਪਾਣੀ ਵਾਲੇ ਟੈਂਕੀ ਨੇੜੇ ਖੜ੍ਹੀ ਕਾਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜੋ ਫ਼ੌਜ ਵਿੱਚ ਨੌਕਰੀ ਕਰਦਾ ਸੀ। ਪੁਲਿਸ ਅਨੁਸਾਰ ਪਿੰਡ ਖੋਖਰਾਂ ਦੇ ਸਟੇਡੀਅਮ ’ਚ ਸਵਿਫਟ ਕਾਰ ਦੀ ਡਰਾਈਵਰ ਸੀਟ ’ਤੇ ਨੌਜਵਾਨ ਮ੍ਰਿਤਕ ਹਾਲਤ ’ਚ ਪਿਆ ਸੀ। ਜਾਂਚ-ਪੜਤਾਲ ਕਰਨ ’ਤੇ ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (28) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਫਤਿਹਗੜ੍ਹ ਵੀਰਾਨ ਵਜੋਂ ਹੋਈ।
ਦੱਸਿਆ ਜਾ ਰਿਹਾ ਹੈ ਕਿ ਕੁਲਜੀਤ ਸਿੰਘ ਚਾਰ-ਪੰਜ ਦਿਨ ਪਹਿਲਾਂ ਹੀ ਫੌਜੀ ਛੁੱਟੀ ’ਤੇ ਆਇਆ ਸੀ। ਉਸ ਦੀ ਪਤਨੀ ਤੇ ਪਿਤਾ ਪੁਲੀਸ ਮੁਲਾਜ਼ਮ ਹਨ, ਜੋ ਜਲੰਧਰ ਵਿੱਚ ਤਾਇਨਾਤ ਹਨ। ਮ੍ਰਿਤਕ ਕੁਲਜੀਤ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲੰਘੇ ਦਿਨ ਚਾਰ ਵਜੇ ਘਰੋਂ ਚਮਕੌਰ ਸਾਹਿਬ ਨੂੰ ਨਵੇਂ ਕੱਪੜੇ ਲੈਣ ਗਿਆ ਸੀ ਜਿਸ ਦਾ ਬਾਅਦ ਵਿੱਚ ਕੋਈ ਪਤਾ ਨਹੀਂ ਲੱਗਾ। ਪਰਿਵਾਰਕ ਮੈਂਬਰ ਸਾਰੀ ਰਾਤ ਉਸ ਨੂੰ ਲੱਭਦੇ ਰਹੇ ਪਰ ਅੱਜ ਪਿੰਡ ਖੋਖਰਾਂ ਦੇ ਸਟੇਡੀਅਮ ’ਚ ਖੜ੍ਹੀ ਕਾਰ ਵਿਚੋਂ ਉਸ ਦੀ ਲਾਸ਼ ਮਿਲੀ ਪੁਲਿਸ ਜਾਂਚ ਕਰ ਰਹੀ ਹੈ।