ਪੁਰਾਣੇ ਹਥਿਆਰਾਂ ਨਾਲ ਆਧੁਨਿਕ ਜੰਗਾਂ ਨਹੀਂ ਜਿੱਤ ਸਕਦੇ: ਜਨਰਲ ਅਨਿਲ ਚੌਹਾਨ
ਨਵੀਂ ਦਿੱਲੀ : ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਅੱਜ ਕਿਹਾ ਕਿ ਭਾਰਤ ਪੁਰਾਣੇ ਹਥਿਆਰਾਂ ਨਾਲ ਆਧੁਨਿਕ ਜੰਗਾਂ ਨਹੀਂ ਜਿੱਤ ਸਕਦਾ। ਉਨ੍ਹਾਂ ਭਵਿੱਖੀ ਤਕਨਾਲੋਜੀ, ਜੋ ਖਾਸ ਤੌਰ ’ਤੇ ਦੇਸ਼ ਵਿਚ ਹੀ ਵਿਕਸਤ ਹੋਵੇ, ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਜਨਰਲ ਚੌਹਾਨ ਰੱਖਿਆ ਮੰਤਰਾਲੇ ਵੱਲੋਂ ਜੁਆਇੰਟ ਵਾਰਫੇਅਰ ਸਟੱਡੀਜ਼ ਬਾਰੇ ਥਿੰਕ ਟੈਂਕ ਸੈਂਟਰ ਦੇ ਸਹਿਯੋਗ ਨਾਲ ਕਰਵਾਈ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ।
ਜਨਰਲ ਚੌਹਾਨ ਨੇ ਕਿਹਾ, ‘‘ਆਧੁਨਿਕ ਯੁੱਧ ਦੀ ਕਲਾ ਵਿਕਸਤ ਹੋਈ ਹੈ। ਹਥਿਆਰ ਅਤੇ ਲੜਾਕੂ ਉਪਕਰਣ ਛੋਟੇ, ਤੇਜ਼, ਵਧੇਰੇ ਕੁਸ਼ਲ ਅਤੇ ਕਿਫਾਇਤੀ ਹੁੰਦੇ ਜਾ ਰਹੇ ਹਨ। ਪੁਰਾਣੀਆਂ ਤੇ ਭਾਰੀ ਰਾਈਫਲਾਂ ਦੀ ਥਾਂ ਸੰਖੇਪ, ਹਲਕੇ ਭਾਰ ਵਾਲੇ ਹਥਿਆਰਾਂ ਨੇ ਲੈ ਲਈ ਹੈ ਜਿਨ੍ਹਾਂ ਦੀ ਰੇਂਜ ਵਧੀ ਹੈ। ਇਹ ਰੁਝਾਨ ਟੈਂਕਾਂ ਅਤੇ ਜਹਾਜ਼ਾਂ ਤੱਕ ਫੈਲਿਆ ਹੋਇਆ ਹੈ, ਜੋ ਹੁਣ ਤੇਜ਼ ਹਨ ਅਤੇ ਵਧੇਰੇ ਸੁਰੱਖਿਆ ਪ੍ਰਦਾਨ ਕਰਦੇ ਹਨ।’’
ਜਨਰਲ ਨੇ 10 ਮਈ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਡਰੋਨ ਹਮਲੇ ਦਾ ਮੁਕਾਬਲਾ ਕਰਨ ਦੇ ਤਰੀਕੇ ਬਾਰੇ ਨਵੀਂ ਜਾਣਕਾਰੀ ਦਿੱਤੀ। ਸੀਡੀਐੱਸ ਨੇ ਕਿਹਾ, ‘‘ਦੁਸ਼ਮਣ ਨੇ ਜੰਗ ਦੌਰਾਨ ਡਰੋਨਾਂ ਦੀ ਵਰਤੋਂ ਕੀਤੀ, ਪਰ ਸਾਡੇ ਫੌਜੀ ਜਾਂ ਸਿਵਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕੇ। ਉਨ੍ਹਾਂ ਦੇ ਜ਼ਿਆਦਾਤਰ ਹਥਿਆਰਾਂ ਨੂੰ ਗਤੀਸ਼ੀਲ ਅਤੇ ਗੈਰ-ਗਤੀਸ਼ੀਲ ਤਰੀਕਿਆਂ ਦੇ ਸੁਮੇਲ ਨਾਲ ਬੇਅਸਰ ਕੀਤਾ ਗਿਆ ਸੀ, ਕੁਝ ਤਾਂ ਸਾਬਤ ਸੂਰਤ ਵੀ ਬਰਾਮਦ ਹੋਏ ਸਨ।