ਟੀਆਰਐੱਫ ਦਹਿਸ਼ਤੀ ਜਥੇਬੰਦੀ ਕਰਾਰ : ਅਮਰੀਕਾ

ਟੀਆਰਐੱਫ ਦਹਿਸ਼ਤੀ ਜਥੇਬੰਦੀ ਕਰਾਰ : ਅਮਰੀਕਾ
ਵਾਸ਼ਿੰਗਟਨ : ਅਮਰੀਕਾ ਨੇ ਪਹਿਲਗਾਮ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ ਜਥੇਬੰਦੀ ਦਿ ਰਜਿਸਟੈਂਸ ਫਰੰਟ (ਟੀਆਰਐੱਫ) ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ ਐਲਾਨਿਆ ਹੈ। ਇਹ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਾਇਬਾ ਨਾਲ ਜੁੜੀ ਹੋਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਕ ਬਿਆਨ ’ਚ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲਗਾਮ ਹਮਲੇ ਲਈ ਨਿਆਂ ਦੇ ਸੱਦੇ ਨੂੰ ਲਾਗੂ ਕਰਨ ਦੀ ਵਚਨਬੱਧਤਾ ਦਰਸਾਉਂਦਾ ਹੈ। ਵਾਸ਼ਿੰਗਟਨ ’ਚ ਭਾਰਤੀ ਸਫ਼ਾਰਤਖਾਨੇ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਅਤਿਵਾਦ ਵਿਰੋਧੀ ਸਹਿਯੋਗ ਕਿੰਨਾ ਮਜ਼ਬੂਤ ਹੈ। ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ ਅਤੇ ਟੀਆਰਐੱਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਸੀ। ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਟੀਆਰਐੱਫ ਮੁਖੀ ਸ਼ੇਖ਼ ਸੱਜਾਦ ਗੁਲ ਦੀ ਪਛਾਣ ਕੀਤੀ ਹੈ। ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ ਟੀਆਰਐੱਫ ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ (ਐੱਫਟੀਓ) ਅਤੇ ਵਿਸ਼ੇਸ਼ ਨਾਮਜ਼ਦ ਆਲਮੀ ਦਹਿਸ਼ਤਗਦ (ਐੱਸਡੀਜੀਟੀ) ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਟੀਆਰਐੱਫ ਤੇ ਹੋਰਾਂ ਨੂੰ ਕ੍ਰਮਵਾਰ ਇਮੀਗਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਧਾਰਾ 219 ਅਤੇ ਕਾਰਜਕਾਰੀ ਆਦੇਸ਼ 13224 ਅਨੁਸਾਰ ਲਸ਼ਕਰ-ਏ-ਤਾਇਬਾ ਦੇ ਮੌਜੂਦਾ ਉਪਨਾਮ ਵਿਚ ਐੱਫਟੀਓ ਅਤੇ ਐੱਸਡੀਜੀਟੀ ਵਜੋਂ ਜੋੜਿਆ ਗਿਆ ਹੈ। ਵਿਦੇਸ਼ ਵਿਭਾਗ ਨੇ ਲਸ਼ਕਰ-ਏ-ਤਾਇਬਾ ਨੂੰ ਐੱਫਟੀਓ ਵਜੋਂ ਨਾਮਜ਼ਦਗੀ ਦੇ ਮਾਮਲੇ ਦੀ ਵੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ, ‘‘ਪਹਿਲਗਾਮ ਹਮਲਾ 2008 ’ਚ ਲਸ਼ਕਰ-ਏ-ਤਾਇਬਾ ਵੱਲੋਂ ਕੀਤੇ ਗਏ ਮੁੰਬਈ ਹਮਲਿਆਂ ਮਗਰੋਂ ਭਾਰਤ ’ਚ ਆਮ ਲੋਕਾਂ ’ਤੇ ਕੀਤਾ ਗਿਆ ਸਭ ਤੋਂ ਘਾਤਕ ਹਮਲਾ ਸੀ। ਟੀਆਰਐੱਫ ਨੇ ਭਾਰਤੀ ਸੁਰੱਖਿਆ ਬਲਾਂ ਖ਼?ਲਾਫ਼ ਕਈ ਹਮਲਿਆਂ ਦੀ ਵੀ ਜ਼ਿੰਮੇਵਾਰੀ ਲਈ ਹੈ, ਜਿਸ ’ਚ 2024 ’ਚ ਹੋਇਆ ਹਮਲਾ ਵੀ ਸ਼ਾਮਲ ਹੈ।’’ ਟੀਆਰਐਫ ਵਿਰੁੱਧ ਇਹ ਕਾਰਵਾਈ ਭਾਰਤ ਵੱਲੋਂ ਲਗਾਤਾਰ ਬਣਾਏ ਗਏ ਦਬਾਅ ਮਗਰੋਂ ਕੀਤੀ ਗਈ ਹੈ।