ਬੰਗਲਾਦੇਸ਼ ਵਿਖੇ ਜਹਾਜ਼ ਸਕੂਲ ’ਤੇ ਡਿੱਗਿਆ 19 ਮਰੇ, ਦਰਜਨਾਂ ਜ਼ਖਮੀ
ਢਾਕਾ : ਬੰਗਲਾਦੇਸ਼ ਏਅਰ ਫੋਰਸ ਦਾ ਇੱਕ ਸਿਖਲਾਈ ਜਹਾਜ਼ ਸੋਮਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਢਾਕਾ ਵਿੱਚ ਇੱਕ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਘੱਟੋ-ਘੱਟ 19 ਵਿਅਕਤੀਆਂ (ਜ਼ਿਆਦਾਤਰ ਬੱਚੇ) ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨੀ ਬਣਤਰ ਦਾ 6-7 279 ਸਿਖਲਾਈ ਜਹਾਜ਼ ਢਾਕਾ ਦੇ ਉੱਤਰਾ ਖੇਤਰ ਵਿੱਚ ਮਾਈਲਸਟੋਨ ਸਕੂਲ ਅਤੇ ਕਾਲਜ ਕੈਂਪਸ ਵਿੱਚ ਡਿੱਗ ਗਿਆ।
ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਜਨਰਲ ਜ਼ਾਹੇਦ ਕਮਲ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਕਰੈਸ਼ ਅਤੇ ਉਸ ਤੋਂ ਬਾਅਦ ਲੱਗੀ ਅੱਗ ਵਿੱਚ 19 ਲੋਕ ਮਾਰੇ ਗਏ। ਘੱਟੋ-ਘੱਟ 50 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ।’’ ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਇਕੱਲੇ ਸਕੂਲ ਕੰਪਾਊਂਡ ਵਿੱਚੋਂ 19 ਲਾਸ਼ਾਂ ਬਰਾਮਦ ਕੀਤੀਆਂ ਹਨ ਜਦੋਂ ਕਿ ਬਚਾਅ ਕਾਰਜ ਹਾਲੇ ਵੀ ਜਾਰੀ ਹੈ।
ਡਾਕਟਰਾਂ ਅਨੁਸਾਰ ਜ਼ਖਮੀਆਂ ਵਿੱਚੋਂ ਅੱਠ ਦੀ ਹਾਲਤ ਨਾਜ਼ੁਕ ਹੈ। ਸੂਤਰਾਂ ਅਨੁਸਾਰ ਇਸ ਹਸਪਤਾਲ ਵਿੱਚ ਲਿਆਂਦੇ ਜਾ ਰਹੇ ਜ਼ਖਮੀਆਂ ਦੀ ਗਿਣਤੀ ਵਧ ਰਹੀ ਹੈ। ਇਸ ਘਟਨਾ ਨੂੰ ਲੈ ਕੇ ਸਰਕਾਰ ਨੇ 22 ਜੁਲਾਈ ਨੂੰ ਇੱਕ ਦਿਨ ਦਾ ਰਾਜਸੀ ਸੋਗ ਐਲਾਨਿਆ ਗਿਆ ਹੈ।