ਗਾਜ਼ਾ ’ਚ 73 ਫਲਸਤੀਨੀ ਰਾਹਤ ਸਮੱਗਰੀ ਉਡੀਕਦੇ ਹਲਾਕ
ਇਜ਼ਰਾਈਲ : ਗਾਜ਼ਾ ਵਿੱਚ ਅੱਜ ਵੱਖ-ਵੱਖ ਥਾਈਂ ਰਾਹਤ ਸਮੱਗਰੀ ਦੀ ਉਡੀਕ ਦੌਰਾਨ ਗੋਲੀਬਾਰੀ ’ਚ 73 ਵਿਅਕਤੀ ਮਾਰੇ ਗਏ ਹਨ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਤੇ ਸਥਾਨਕ ਹਸਪਤਾਲਾਂ ਮੁਤਾਬਕ ਸਭ ਤੋਂ ਵੱਧ ਮੌਤਾਂ ਉੱਤਰੀ ਗਾਜ਼ਾ ਵਿੱਚ ਹੋਈਆਂ, ਜਿੱਥੇ ਇਜ਼ਰਾਈਲ ਨਾਲ ਲੱਗਣ ਵਾਲੇ ਜ਼ਿਕਿਮ ਲਾਂਘੇ ਰਾਹੀਂ ਉੱਤਰੀ ਗਾਜ਼ਾ ’ਚ ਪਹੁੰਚ ਰਹੀ ਰਾਹਤ ਸਮੱਗਰੀ ਦੀ ਉਡੀਕ ਰਹੇ ਘੱਟੋ-ਘੱਟ 67 ਫਲਸਤੀਨੀ ਮਾਰੇ ਗਏ। ਹਸਪਤਾਲਾਂ ਮੁਤਾਬਕ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਲੋਕ ਇਜ਼ਰਾਇਲੀ ਫੌਜ ਦੀ ਗੋਲੀਬਾਰੀ ਵਿੱਚ ਮਾਰੇ ਗਏ ਹਨ ਜਾਂ ਹਥਿਆਰਬੰਦ ਗੁੱਟਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਇਲੀ ਫੌਜ ਨੇ ਭੀੜ ’ਤੇ ਗੋਲੀਆਂ ਚਲਾਈਆਂ ਸਨ ਜਦਕਿ ਇਜ਼ਰਾਇਲੀ ਫੌਜ ਨੇ ਇਸ ਘਟਨਾ ’ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸੇ ਦੌਰਾਨ ਇਜ਼ਰਾਇਲੀ ਫੌਜ ਨੇ ਅੱਜ ਕੇਂਦਰੀ ਗਾਜ਼ਾ ਦੇ ਕਈ ਇਲਾਕੇ ਖਾਲੀ ਕਰਨ ਲਈ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਇਲਾਕੇ ’ਚ ਦੀਰ-ਅਲ ਬਲਾਹ ਅਤੇ ਦੱਖਣੀ ਸ਼ਹਿਰਾਂ ਰਾਫਾਹ ਤੇ ਖ਼ਾਨ ਯੂਨਿਸ ਵਿਚਾਲੇ ਸੰਪਰਕ ਲਗਪਗ ਟੁੱਟ ਗਿਆ ਹੈ। ਇਲਾਕਾ ਖਾਲੀ ਕਰਨ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਕਤਰ ਵਿੱਚ ਗੋਲੀਬੰਦੀ ਲਈ ਗੱਲਬਾਤ ਕਰ ਰਹੇ ਹਨ।